2 ਅਣਪਛਾਤੇ ਵਿਅਕਤੀ ਕੋਲੋਵਾਲ ਵਿਖੇ ਗੋਲੀਆਂ ਚਲਾ ਕੇ ਫਰਾਰ

ਰਾਮ ਤੀਰਥ, 16 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪੁਲਿਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਕੋਲੋਵਾਲ ਵਿਖੇ ਕੱਲ੍ਹ ਦੇਰ ਰਾਤ ਮੋਟਰਸਾਈਕਲ ਉਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਕਿਸਾਨ ਜਰਮਨ ਸਿੰਘ ਅਤੇ ਸਰਵਨ ਸਿੰਘ ਪੁੱਤਰ ਅਜੈਬ ਸਿੰਘ ਦੇ ਘਰ ਦੇ ਸਾਹਮਣੇ ਦੋ ਫਾਇਰ ਕੀਤੇ ਅਤੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਰਾਮ ਤੀਰਥ ਦੇ ਇੰਚਾਰਜ ਜੋਗਿੰਦਰ ਸਿੰਘ ਏ.ਐਸ.ਆਈ. ਨੇ ਦੱਸਿਆ ਕਿ ਜਰਮਨ ਸਿੰਘ ਦਾ ਇਕ ਬੇਟਾ ਯੂ.ਐਸ.ਏ. ਅਤੇ ਦੂਸਰਾ ਯੂ.ਕੇ. ਵਿਚ ਹੈ। ਪਿਛਲੇ ਕੁਝ ਸਮੇਂ ਤੋਂ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਕੱਲ੍ਹ ਉਨ੍ਹਾਂ ਨੇ ਪਰਿਵਾਰ ਨੂੰ ਡਰਾਉਣ ਵਾਸਤੇ ਉਨ੍ਹਾਂ ਦੇ ਦਰਵਾਜ਼ੇ ਅੱਗੇ ਦੋ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਪਿੰਡ ਵਿਚ ਦਹਿਸ਼ਤ ਫੈਲ ਗਈ। ਪੁਲਿਸ ਚੌਕੀ ਰਾਮ ਤੀਰਥ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਸ਼ਨਾਖਤ ਵਾਸਤੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ।