ਦੇਰ ਸ਼ਾਮ ਤੱਕ ਸੀ. ਬੀ. ਆਈ. ਦੀ ਡੀ.ਆਈ.ਜੀ. ਭੁੱਲਰ ਦੀ ਰਿਹਾਇਸ਼ 'ਤੇ ਛਾਪੇਮਾਰੀ ਜਾਰੀ

ਚੰਡੀਗੜ੍ਹ, 16 ਅਕਤੂਬਰ-ਦੇਰ ਸ਼ਾਮ ਤੱਕ ਸੀ. ਬੀ. ਆਈ. ਦੀ ਡੀ.ਆਈ.ਜੀ. ਭੁੱਲਰ ਦੀ ਰਿਹਾਇਸ਼ ਉਤੇ ਛਾਪੇਮਾਰੀ ਜਾਰੀ ਹੈ। ਰਿਹਾਇਸ਼ ਤੋਂ ਕਰੋੜਾਂ ਰੁਪਏ ਮਿਲਣ ਬਾਰੇ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਅੱਜ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੈ। CBI ਦੀ ਗ੍ਰਿਫ਼ਤ 'ਚ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਹਨ। DIG ਭੁੱਲਰ 'ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਨੇ ਟਰੈਪ ਲਗਾ ਕੇ ਉਨ੍ਹਾਂ ਨੂੰ ਫੜਿਆ ਹੈ।
ਦੱਸ ਦਈਏ ਕਿ ਡੀ.ਆਈ.ਜੀ. ਭੁੱਲਰ ਦੇ ਦਫ਼ਤਰ ‘ਤੇ ਵੀ ਛਾਪਾ ਮਾਰਿਆ ਗਿਆ। ਰਿਪੋਰਟਾਂ ਅਨੁਸਾਰ ਸੀ.ਬੀ.ਆਈ. ਨੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਲਈ ਗਈ ਰਿਸ਼ਵਤ ਦੀ ਸਹੀ ਰਕਮ ਦੀ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਸੀ.ਬੀ.ਆਈ. ਨੇ ਇਕ ਜਾਲ ਵਿਛਾਉਣ ਤੋਂ ਬਾਅਦ ਡੀ.ਆਈ.ਜੀ. ਹਰਚਰਨ ਸਿੰਘ ਨੂੰ ਕਾਬੂ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਸੀ.ਬੀ.ਆਈ. ਨੇ ਉਨ੍ਹਾਂ ਦੇ ਚੰਡੀਗੜ੍ਹ ਦਫ਼ਤਰ ਉਤੇ ਛਾਪਾ ਮਾਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।
ਦੱਸ ਦਈਏ ਕਿ 11.10.2025 ਨੂੰ ਅਕਾਸ਼ ਬੱਤਾ, ਵਾਸੀ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ (ਅਨੈਕਸਰ ਏ) ਵਲੋਂ ਇਕ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਹਰਚਰਨ ਸਿੰਘ ਭੁੱਲਰ, ਡੀ.ਆਈ.ਜੀ. ਰੋਪੜ ਰੇਂਜ, ਪੰਜਾਬ ਪੁਲਿਸ ਨੇ ਆਪਣੇ ਵਿਚੋਲੇ ਕਿਰਸ਼ਾਨੂ ਰਾਹੀਂ ਸ਼ਿਕਾਇਤਕਰਤਾ ਵਿਰੁੱਧ ਦਰਜ ਐਫ.ਆਈ.ਆਰ. ਨੰਬਰ 155/2023 ਪੀ.ਐਸ. ਸਰਹਿੰਦ ਦਾ ਨਿਪਟਾਰਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਉਸ ਸਕ੍ਰੈਪ ਕਾਰੋਬਾਰ ਵਿਰੁੱਧ ਕੋਈ ਹੋਰ ਜ਼ਬਰਦਸਤੀ ਜਾਂ ਪ੍ਰਤੀਕੂਲ ਪੁਲਿਸ ਕਾਰਵਾਈ ਨਾ ਕੀਤੀ ਜਾਵੇ, ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਡੀ.ਆਈ.ਜੀ. ਭੁੱਲਰ ਵਾਰ-ਵਾਰ ਮਹੀਨਾਵਾਰ ਭੁਗਤਾਨਾਂ ਦੀ ਮੰਗ ਕਰ ਰਹੇ ਸਨ, ਨਾ ਦੇਣ ਉਤੇ ਉਸਨੂੰ ਕਾਰੋਬਾਰ ਨਾਲ ਸੰਬੰਧਿਤ ਅਪਰਾਧਿਕ ਮਾਮਲਿਆਂ ਵਿਚ ਝੂਠੇ ਫਸਾਉਣ ਦੀ ਧਮਕੀ ਦਿੱਤੀ ਸੀ। ਉਕਤ ਸ਼ਿਕਾਇਤ ਨੂੰ ਤਸਦੀਕ ਲਈ ਸਚਿਨ ਸਿੰਘ, ਸਬ-ਇੰਸਪੈਕਟਰ, ਸੀ.ਬੀ.ਆਈ. ਏ.ਸੀ.ਬੀ. ਚੰਡੀਗੜ੍ਹ ਨੂੰ ਭੇਜ ਦਿੱਤਾ ਗਿਆ ਸੀ।