75 ਪੇਟੀਆਂ ਸ਼ਰਾਬ ਸਮੇਤ 3 ਤਸਕਰ ਕਾਬੂ

ਰਾੜਾ ਸਾਹਿਬ, 18 ਅਕਤੂਬਰ ( ਸੁਖਵੀਰ ਸਿੰਘ ਚਣਕੋਈਆਂ)-ਪਾਇਲ ਪੁਲਿਸ ਵਲੋਂ 75 ਪੇਟੀਆਂ ਸਮੇਤ 3 ਤਸਕਰ ਕਾਬੂ ਕਰਨ ਵਿਚ ਭਾਰੀ ਸਫਲਤਾ ਹਾਸਲ ਕੀਤੀ ਗਈ ਹੈ। ਨਵ-ਨਿਯੁਕਤ ਡੀ.ਐੱਸ.ਪੀ. ਪਾਇਲ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਖੰਨਾ ਜਯੋਤੀ ਯਾਦਵ ਬੈਂਸ ਦੀਆਂ ਸਖਤ ਹਦਾਇਤਾਂ 'ਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਐੱਸ.ਐੱਚ.ਓ. ਪਾਇਲ ਸੁਖਵਿੰਦਰਪਾਲ ਸਿੰਘ ਸੋਹੀ ਦੀ ਅਗਵਾਈ ਹੇਠ ਪਾਇਲ ਪੁਲਿਸ ਨੇ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਥਾਣੇਦਾਰ ਸੁਰਜੀਤ ਸਿੰਘ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਸ਼ੇਰਜਗਦੀਪ ਸਿੰਘ ਉਰਫ ਗੋਗੀ, ਯਾਦਵਿੰਦਰ ਸਿੰਘ ਉਰਫ ਰਿੰਪੀ ਵਾਸੀ ਕਟਾਹਰੀ ਅਤੇ ਰਾਜਿੰਦਰ ਕੁਮਾਰ ਵਾਸੀ ਭੁੱਟਾ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਜੋ ਕਿ ਪਿੰਡ ਕਟਾਹਰੀ ਵਿਚ ਪਸ਼ੂਆਂ ਵਾਲੇ ਵਾੜੇ ਵਿਚ ਰੱਖ ਕੇ ਵੇਚ ਰਹੇ ਹਨ।
ਪੁਲਿਸ ਨੇ ਛਾਪੇਮਾਰੀ ਕਰਕੇ ਉਕਤ ਦੋਸ਼ੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਰਾਜਿੰਦਰ ਕੁਮਾਰ ਨੂੰ ਗੱਡੀ ਸਮੇਤ ਕਾਬੂ ਕੀਤਾ ਹੈ, ਜਿਸ ਰਾਹੀਂ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਸੀ।ਥਾਣਾ ਪਾਇਲ ਅੰਦਰ ਉਕਤ ਦੋਸ਼ੀਆਂ ਖਿਲਾਫ ਐਕਸਾਈਜ਼ ਐਕਟ 61/1/14 ਈ. ਐਕਸ. ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਮੌਕੇ ਐਕਸਾਈਜ਼ ਇੰਸਪੈਕਟਰ ਮੇਜਰ ਸਿੰਘ, ਮੁੱਖ ਮੁਣਸ਼ੀ ਅਜੀਤ ਸਿੰਘ, ਥਾਣੇਦਾਰ ਪਵਨ ਕੁਮਾਰ ਆਦਿ ਮੌਜੂਦ ਸਨ।