ਸਾਬਕਾ ਫੌਜੀ ਵਲੋਂ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ

ਹਰੀਕੇ ਪੱਤਣ, (ਤਰਨਤਾਰਨ) 22 ਅਕਤੂਬਰ (ਸੰਜੀਵ ਕੁੰਦਰਾ)- ਜ਼ਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਨੱਥੂਪੁਰ ਵਿਖੇ ਸਾਬਕਾ ਫੌਜੀ ਨੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਰਾਣਾ (38 ਸਾਲ) ਪੁੱਤਰ ਬਲੀ ਸਿੰਘ ਵਾਸੀ ਨੱਥੂਪੁਰ, ਜੋ ਕਿ ਆਪਣੇ ਘਰ ਅੱਗੇ ਖੜ੍ਹਾ ਸੀ ਕਿ ਉਸ ਦੇ ਚਚੇਰੇ ਭਰਾ ਸਾਬਕਾ ਫੌਜੀ ਹਰਪਾਲ ਸਿੰਘ ਪਾਲਾ ਪੁੱਤਰ ਬਲਕਾਰ ਸਿੰਘ ਵਾਸੀ ਨੱਥੂਪੁਰ ਨੇ ਆਪਣੀ ਰਾਈਫ਼ਲ ਨਾਲ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਗੋਲ਼ੀ ਲੱਗਣ ਕਾਰਨ ਰਣਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਰਣਜੀਤ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦਾ ਇਕ ਬੇਟਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਚੋਹਲਾ ਸਾਹਿਬ ਦੇ ਐਸ. ਐਚ. ਓ. ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਐਸ. ਐਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਹਰਪਾਲ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।