ਤਾਮਿਲਨਾਡੂ ਵਿਚ ਭਾਰੀ ਮੀਂਹ, ਸਕੂਲ ਕਾਲਜ ਬੰਦ

ਚੇਨਈ, 22 ਅਕਤੂਬਰ- ਉਤਰ-ਪੂਰਬੀ ਮਾਨਸੂਨ ਨੇ ਪਿਛਲੇ ਦੋ ਦਿਨਾਂ ਤੋਂ ਦੇਸ਼ ਦੇ ਦੱਖਣੀ ਰਾਜਾਂ ਵਿਚ ਭਾਰੀ ਬਾਰਿਸ਼ ਕੀਤੀ ਹੈ। ਅੱਜ ਤਾਮਿਲਨਾਡੂ ਲਈ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੰਗਲਵਾਰ ਤੋਂ ਰਾਜ ਦੇ ਤਿਰੂਵੱਲੂਰ, ਚੇਨਈ, ਕਾਂਚੀਪੁਰਮ, ਚੇਂਗਲਪੱਟੂ ਅਤੇ ਡੈਲਟਾ ਜ਼ਿਲ੍ਹਿਆਂ ਵਿਚ ਬਾਰਿਸ਼ ਜਾਰੀ ਹੈ।
ਚੇਨਈ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਅਗਲੇ ਚਾਰ ਦਿਨਾਂ ਲਈ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਕੁੱਡਾਲੋਰ, ਵਿੱਲੂਪੁਰਮ, ਰਾਣੀਪੇਟ ਅਤੇ ਥੂਥੁਕੁੜੀ ਜ਼ਿਲ੍ਹਿਆਂ ਵਿਚ ਵੀ ਸਕੂਲ ਅਤੇ ਕਾਲਜ ਬੰਦ ਘੋਸ਼ਿਤ ਕੀਤੇ ਗਏ ਹਨ। ਤਾਮਿਲਨਾਡੂ ਸਰਕਾਰ ਨੇ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਇਥੇ ਮੀਂਹ ਦੇ ਵਿਚਕਾਰ ਚੇਨਈ ਦੇ ਮਰੀਨਾ ਬੀਚ ’ਤੇ ਤੇਜ਼ ਲਹਿਰਾਂ ਅਤੇ ਹਵਾਵਾਂ ਤੱਟ ਨਾਲ ਟਕਰਾ ਰਹੀਆਂ ਹਨ। ਅਧਿਕਾਰੀਆਂ ਦੇ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਤੂਫ਼ਾਨ ਦੀ ਸੰਭਾਵਨਾ ਬਣੀ ਰਹੇਗੀ। ਪ੍ਰਸ਼ਾਸਨ ਨੇ ਮਛੇਰਿਆਂ ਅਤੇ ਤੱਟਵਰਤੀ ਨਿਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
ਤਾਮਿਲਨਾਡੂ ਤੋਂ ਇਲਾਵਾ ਕੇਰਲ, ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਵਿਚ ਵੀ ਬਾਰਿਸ਼ ਜਾਰੀ ਹੈ। ਪੁਡੂਚੇਰੀ ਅਤੇ ਕਰਾਈਕਲ ਵਿਚ ਸਕੂਲ ਅਤੇ ਕਾਲਜ ਬੰਦ ਹਨ। ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਵਿਚ ਪ੍ਰਸ਼ਾਸਨ ਅਲਰਟ ’ਤੇ ਹੈ। ਸਕੂਲ ਬੰਦ ਕਰ ਦਿੱਤੇ ਗਏ ਹਨ।