ਬਹੁਮਤ ਨਾ ਹੋਣ ਕਾਰਨ ਬੇਭਰੋਸਗੀ ਮਤਾ ਰੱਦ, ਉਦੈਵੀਰ ਢਿੱਲੋਂ ਡੇਢ ਸਾਲ ਮਗਰੋਂ ਕੌਂਸਲ ਪ੍ਰਧਾਨ ਦੀ ਕੁਰਸੀ 'ਤੇ ਮੁੜ ਸਜੇ
ਜ਼ੀਰਕਪੁਰ, 11ਨਵੰਬਰ (ਹੈਪੀ ਪੰਡਵਾਲਾ )- ਕਰੀਬ ਡੇਢ ਸਾਲ ਤੋਂ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਦੀ ਕੁਰਸੀ ਦਾ ਚੱਲ ਰਿਹਾ ਰੇੜਕਾ ਅੱਜ ਸਮਾਪਤ ਹੋ ਗਿਆ। ਉਦੈਵੀਰ ਸਿੰਘ ਢਿੱਲੋਂ ਅੱਜ ਸ਼ਾਮੀ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਹਾਜ਼ਰੀ 'ਚ ਮੁੜ ਕੌਂਸਲ ਪ੍ਰਧਾਨ ਦੀ ਕੁਰਸੀ 'ਤੇ ਬੈਠ ਗਏ। ਇਸ ਦੌਰਾਨ ਹਲਕੇ 'ਚੋਂ ਵੱਡੀ ਗਿਣਤੀ 'ਚ ਕਾਂਗਰਸ ਸਮਰਥਕ ਵੀ ਹਾਜ਼ਰ ਸਨ। ਜ਼ਿਕਾਰਯੋਗ ਹੈ ਕਿ ਲੰਘੇ ਵਰ੍ਹੇ ਜੂਨ ਮਹੀਨੇ ਕੌਂਸਲ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਖ਼ਿਲਾਫ਼ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕੌਂਸਲਰਾਂ ਵਲੋਂ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ ਸੀ, ਜਿਸ ਸੰਬੰਧ 'ਚ ਕਾਂਗਰਸ ਪ੍ਰਧਾਨ ਉਦੈਵੀਰ ਢਿੱਲੋਂ ਨੇ ਵਿਰੋਧੀ ਕੌਂਸਲਰਾਂ ਵਲੋਂ ਬਹੁਮਤ ਸਾਬਤ ਕਰਨ ਲਈ ਮੁੜ ਵਿਸ਼ੇਸ਼ ਮੀਟਿੰਗ ਬੁਲਾਈ ਸੀ। ਇਨ੍ਹਾਂ ਮੀਟਿੰਗਾਂ ਉਪਰੰਤ ਸਾਰਾ ਮਾਮਲਾ ਹਾਈਕੋਰਟ ਪਹੁੰਚ ਗਿਆ, ਜਿਸ 'ਤੇ ਸੁਣਵਾਈਆਂ ਹੁੰਦੀਆਂ ਰਹੀਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਕ ਵਜੋਂ ਕਾਰਜਭਾਰ ਸੰਭਾਲਿਆ।
ਕੋਰਟ ਵਲੋਂ ਲੰਘੀ 3 ਅਕਤੂਬਰ ਨੂੰ ਦੁਬਾਰਾ ਬੇਭਰੋਸਗੀ ਮਤਾ ਪੇਸ਼ ਕਰਨ ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ। ਪਰ ਉਦੋਂ ਵੀ ਕੌਂਸਲ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਚਲ ਰਿਹਾ ਰੇੜਕਾ ਮੁੱਕਣ ਦੀ ਥਾਂ ਹੋਰ ਉਲਝ ਗਿਆ ਸੀ। ਮੀਟਿੰਗ 'ਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਪ੍ਰਧਾਨ ਉਦੈਵੀਰ ਢਿੱਲੋਂ ਸਮੇਤ ਕੁੱਲ 22 ਕੌਂਸਲਰ ਪਹੁੰਚੇ ਜਿਨ੍ਹਾਂ 'ਚੋਂ ਪ੍ਰਧਾਨ ਢਿੱਲੋਂ ਦੇ ਖ਼ਿਲਾਫ਼ ਵਿਧਾਇਕ ਸਣੇ ਅਕਾਲੀ ਦਲ ਅਤੇ ਕਾਂਗਰਸ ਤੋਂ ਬਾਗ਼ੀ ਹੋਏ ਕੁੱਲ 21 ਜਣਿਆਂ ਨੇ ਬੇਭਰੋਸਗੀ ਮਤਾ ਪੇਸ਼ ਕੀਤਾ ਸੀ, ਜਦਕਿ ਪ੍ਰਧਾਨ ਢਿੱਲੋਂ ਵਲੋਂ ਦਾਅਵਾ ਕੀਤਾ ਗਿਆ ਕਿ 2 ਤਿਹਾਈ ਦੇ ਹਿਸਾਬ ਨਾਲ 22 ਵੋਟਾਂ ਚਾਹੀਦੀਆਂ ਸੀ, ਪਰ ਬਾਗ਼ੀ ਧੜੇ ਨੇ 21 ਵੋਟਾਂ ਦੀ ਲੋੜ ਦੱਸੀ ਜਿਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਉਲਝ ਗਏ ਅਤੇ ਉਨ੍ਹਾਂ ਇਸ ਨੂੰ ਅੰਤਿਮ ਫ਼ੈਸਲੇ ਲਈ ਸਥਾਨਕ ਸਰਕਾਰਾਂ ਕੋਲ ਭੇਜ ਦਿੱਤਾ ਸੀ।
ਮਗਰੋਂ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵਲੋਂ ਹਾਈਕੋਰਟ 'ਚ ਦੁਬਾਰਾ ਪਟੀਸ਼ਨ ਪਾਈ ਗਈ ਸੀ। ਅੱਜ ਸਥਾਨਕ ਸਰਕਾਰਾਂ ਵਿਭਾਗ ਵਲੋਂ ਕੌਂਸਲ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤੇ ਬਾਬਤ ਪੂਰਨ ਬਹੁਮਤ ਨਾ ਹੋਣ ਦਾ ਕਾਰਨ ਦੱਸਦਿਆਂ ਇਕ ਚਿੱਠੀ ਕੋਰਟ 'ਚ ਪੇਸ਼ ਕੀਤੀ ਗਈ, ਜਿਸ ਕਾਰਨ ਇਨ੍ਹਾਂ ਗਿਣਤੀਆਂ-ਮਿਣਤੀਆਂ ਨੂੰ ਵਿਰਾਮ ਲੱਗ ਗਿਆ ਅਤੇ ਉਦੈਵੀਰ ਢਿੱਲੋਂ ਦੁਬਾਰਾ ਪ੍ਰਧਾਨ ਦੀ ਕੁਰਸੀ 'ਤੇ ਬਿਰਾਜਮਾਨ ਹੋ ਗਏ।
;
;
;
;
;
;
;
;
;