ਵਿਜੀਲੈਂਸ ਵਲੋਂ ਕਿੱਲਿਆਂਵਾਲੀ ਦੀ ਦਾਣਾ ਮੰਡੀ ਦੇ 13 ਆੜ੍ਹਤੀਏ ਰਾਡਾਰ ’ਤੇ, ਨੋਟਿਸ ਕਰਕੇ ਅੱਜ ਕੀਤੇ ਤਲਬ
ਮੰਡੀ ਕਿੱਲਿਆਂਵਾਲੀ, 18 ਨਵੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਸਿੰਘੇਵਾਲਾ ਦੇ ਪੀ.ਐਮ. ਰਾਈਸ ਮਿਲ ਵਿਚ ਬੀਤੇ ਦਿਨੀਂ ਹੋਈ ਵਿਜੀਲੈਂਸ ਛਾਪੇਮਾਰੀ ਉਪਰੰਤ ਮੰਡੀ ਕਿੱਲਿਆਵਾਲੀ ਦੀ ਦਾਣਾ ਮੰਡੀ ਦੇ 13 ਆੜ੍ਹਤੀਏ ਵੀ ਪੜਤਾਲੀਆ ਰਾਡਾਰ ’ਤੇ ਆ ਗਏ ਹਨ। ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਲੋਂ ਨੋਟਿਸ ਭੇਜ ਕੇ ਅੱਜ 18 ਨਵੰਬਰ ਨੂੰ ਜ਼ਿਲ੍ਹਾ ਦਫਤਰ ਹਾਜ਼ਰ ਹੋਣ ਲਈ ਤਲਬ ਕੀਤਾ ਗਿਆ ਹੈ। ਇਸ ਕਾਰਨ ਆੜ੍ਹਤੀਆਂ ਵਿਚ ਹੜਕੰਪ ਦੀ ਸਥਿਤੀ ਬਣੀ ਹੋਈ ਹੈ। ਸੂਤਰਾਂ ਅਨੁਸਾਰ ਛਾਪੇਮਾਰੀ ਦੌਰਾਨ ਝੋਨੇ ਦੇ ਗੱਟਿਆਂ ਦੇ ਵਜ਼ਨ ਵਿਚ ਕਥਿਤ ਤੌਰ ’ਤੇ ਵਾਧਾ-ਘਾਟਾ ਅਤੇ ਹੋਰ ਬੇਨਿਯਮੀਆਂ ਦੇ ਕਥਿਤ ਸੰਕੇਤਾਂ ਉਪਰੰਤ ਵਿਜੀਲੈਂਸ ਵਲੋਂ ਸ਼ੈਲਰ ਦੀ ਸਮੁੱਚੀ ਖਰੀਦ ਨੂੰ ਘੇਰੇ ਵਿਚ ਲੈਂਦੇ ਨੋਟਿਸ ਕਾਰਵਾਈ ਕੀਤੀ ਗਈ ਹੈ।
ਖੇਤਰ ਵਿਚ ਲਗਭਗ 800 ਕੁਵਿੰਟਲ ਦੇ ਕਥਿਤ ਫ਼ਰਕ ਦੀ ਚਰਚਾ ਹੈ, ਜਿਸ ਨੇ ਪੂਰੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਸ਼ੈਲਰ ਕਾਰੋਬਾਰ ਦੇ ਜਾਣਕਾਰਾਂ ਅਨੁਸਾਰ ਸਮੁੱਚੇ ਪੰਜਾਬ ਵਿਚ ਆਪਣੇ ਲਿਹਾਜ਼ਦਾਰਾਂ ਅਤੇ ਖੂਨ ਦੇ ਰਿਸ਼ਤੇ ਵਿਚ ਆੜ੍ਹਤ ਫਰਮਾਂ ਖੜ੍ਹੀਆਂ ਕਰਕੇ ਝੋਨਾ ਖਰੀਦ ਨੂੰ ਮਨਮਰਜ਼ੀ ਨਾਲ ਕਿਸਾਨਾਂ ਤੋਂ ਸਿੱਧੀ ਗੈਰਕਾਨੂੰਨੀ ਖਰੀਦ ਅਤੇ ਮੁਨਾਫ਼ੇ ਖੋਰੀ ਲਈ ਵੱਖ-ਵੱਖ ਹਥਕੰਡੇ ਅਪਣਾਏ ਜਾਂਦੇ ਹਨ, ਜਿਸ ਵਿਚ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀਆਂ ਦੇ ਤੰਤਰ ਦੀ ਮਿਲੀਭੁਗਤ ਵੱਡਾ ਰੋਲ ਨਿਭਾਉਂਦੀ ਹੈ।
ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਲੋਂ ਆੜ੍ਹਤ ਫਰਮਾਂ ਨੂੰ ਨੋਟਿਸ ਜਾਰੀ ਕਰਕੇ ਪੜਤਾਲ ਲਈ ਤਲਬ ਕੀਤਾ ਗਿਆ ਹੈ। ਉਨ੍ਹਾਂ ਵਿਚ ਪ੍ਰਭਦਿਆਲ ਮੇਘਰਾਜ, ਨੰਦਲਾਲ ਲਲਿਤ ਕੁਮਾਰ, ਰਣਜੀਤ ਸਿੰਘ ਗੁਰਪਿਆਸ ਸਿੰਘ, ਸਰਾਂ ਪੇਸਟੀਸਾਈਡਜ਼, ਤੁਸ਼ਾਰ ਟਰੇਡਿੰਗ ਕੰਪਨੀ, ਜੱਗਾ ਟਰੇਡਿੰਗ ਕੰਪਨੀ, ਮਹਿਤਾ ਬ੍ਰਦਰਜ਼, ਕ੍ਰਿਸ਼ਨ ਲਾਲ ਅਗਰਵਾਲ, ਸ਼ੁਭ ਰਾਮ ਬਿਹਾਰੀ ਲਾਲ, ਝਾਲਰੀਆ ਬ੍ਰਦਰਜ਼, ਹਰਗੁਲਾਲ ਸੇਠੀ ਐਂਡ ਸੰਨਜ਼, ਸੁਖਮਨ ਟਰੇਡਿੰਗ ਕੰਪਨੀ ਅਤੇ ਬਾਂਸਲ ਬ੍ਰਦਰਜ਼ ਸ਼ਾਮਿਲ ਹਨ।
ਕੱਚਾ ਆੜ੍ਹਤੀਆ ਐਸੋਸੀਏਸ਼ਨ, ਮੰਡੀ ਕਿਲਿਆਂਵਾਲੀ ਦੇ ਸਾਬਕਾ ਪ੍ਰਧਾਨ ਗੁਰਪਿਆਸ ਸਿੰਘ ਨੰਬਰਦਾਰ ਨੇ 13 ਫਰਮਾਂ ਨੂੰ ਜਾਰੀ ਨੋਟਿਸਾਂ ਦੀ ਪੁਸ਼ਟੀ ਕਰਦੇ ਕਿਹਾ ਕਿ ਵਿਜੀਲੈਂਸ ਨੂੰ ਪੀ. ਐਮ. ਰਾਈਸ ਮਿਲ ਵਿਚ ਬਾਹਰੋਂ ਝੋਨਾ ਆਉਣ ਦਾ ਖਦਸ਼ਾ ਹੈ। ਜਿਸ ਕਰਕੇ ਸੰਬੰਧਿਤ ਆੜ੍ਹਤ ਫਰਮਾਂ ਨੂੰ ਨੋਟਿਸ ਜਾਰੀ ਕੀਤੇ ਗਏ। ਨੰਬਰਦਾਰ ਮੁਤਾਬਕ ਉਨ੍ਹਾਂ ਤਾਂ ਨਿਯਮਾਂ ਤਹਿਤ ਸਰਕਾਰੀ ਏਜੰਸੀ ਨੂੰ ਝੋਨਾ ਵੇਚਿਆ ਹੈ। ਆੜ੍ਹਤ ਫਰਮ ਮੈਸਰਜ ਹਰਗੁਲਾਲ ਸੇਠੀ ਐਂਡ ਕੰਪਨੀ ਦੇ ਭੁਪਿੰਦਰ ਕੁਮਾਰ 'ਭਿੰਦਾ ਸੇਠੀ' ਦਾ ਕਹਿਣਾ ਸੀ ਕਿ ਸ਼ੈਲਰ ਵਿਚ ਝੋਨੇ ਦੇ ਗਟਿਆਂ ਦੇ ਘੱਟ ਵਜ਼ਨ ਕਰਕੇ ਨੋਟਿਸ ਆਏ ਹਨ। ਭਿੰਦਾ ਸੇਠੀ ਨੇ ਕਿਹਾ ਕਿ ਅਸੀਂ ਆੜ੍ਹਤੀਆਂ ਨੇ ਝੋਨੇ ਦੇ ਗੱਟੇ ਵਜ਼ਨ ਵਿਚ ਪੂਰੇ ਭੇਜੇ ਸਨ। ਜ਼ਿਕਰਯੋਗ ਹੈ ਕਿ ਬੀਤੀ 15 ਨਵੰਬਰ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੇ ਡੀ.ਐਸ.ਪੀ. ਅਮਨਦੀਪ ਸਿੰਘ ਮਾਨ ਦੀ ਅਗਵਾਈ ਹੇਠ ਪੀ.ਐਮ. ਰਾਈਸ ਮਿਲ 'ਤੇ ਛਾਪੇਮਾਰੀ ਕੀਤੀ ਗਈ ਸੀ।
;
;
;
;
;
;
;
;
;