ਜਾਇਦਾਦ ਦੇ ਵਿਵਾਦ ਨੂੰ ਲੈ ਕੇ ਪੁੱਤ ਨੇ ਆਪਣੇ ਮਾਪਿਆਂ ਨੂੰ ਉਤਾਰਿਆ ਮੌ.ਤ ਦੇ ਘਾਟ
ਕਟਕ, 22 ਨਵੰਬਰ (ਪੀ.ਟੀ.ਆਈ.)- ਓਡੀਸ਼ਾ ਦੇ ਕਟਕ ਸ਼ਹਿਰ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੇ ਪਿਤਾ ਅਤੇ ਮਤਰੇਈ ਮਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਦੋਸ਼ੀ, ਜਿਸਦੀ ਪਛਾਣ ਆਲੋਕ ਦਾਸ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਘਟਨਾ ਰਾਤ 9 ਵਜੇ ਦੇ ਕਰੀਬ ਦਰਘਾ ਬਾਜ਼ਾਰ ਪੁਲੀਸ ਸਟੇਸ਼ਨ ਅਧੀਨ ਪੁਰਾਣੀ ਜੇਲ੍ਹ ਕਲੋਨੀ ਵਿਚ ਵਾਪਰੀ। ਮ੍ਰਿਤਕਾਂ ਦੀ ਪਛਾਣ ਚੌਦਵਾਰ ਜੇਲ੍ਹ ਦੇ ਕਰਮਚਾਰੀ ਦੀਪਕ ਕੁਮਾਰ ਦਾਸ (58) ਅਤੇ ਉਸਦੀ ਪਤਨੀ ਲਿਤਾਰਾਣੀ ਦਾਸ (45) ਵਜੋਂ ਹੋਈ ਹੈ। ਪੁਲੀਸ ਅਨੁਸਾਰ ਆਲੋਕ ਅਤੇ ਉਸਦੇ ਪਿਤਾ ਕਿਸੇ ਵਿੱਤੀ ਵਿਵਾਦ ਨੂੰ ਲੈ ਕੇ ਗਰਮਾ-ਗਰਮ ਬਹਿਸ ਵਿਚ ਲੱਗੇ ਹੋਏ ਸਨ, ਜਿਸ ਕਾਰਨ ਦੋਵਾਂ ਦਾ ਕਤਲ ਹੋ ਗਿਆ। ਆਲੋਕ ਨੇ ਆਪਣੇ ਪਿਤਾ ਅਤੇ ਮਤਰੇਈ ਮਾਂ ਦੀ ਉਨ੍ਹਾਂ ਦੇ ਘਰ ਵਿਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੀਪਕ ਨੇ ਲਿਤਾਰਾਣੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਹ ਆਲੋਕ ਤੋਂ ਵੱਖ ਰਹਿ ਰਹੇ ਸਨ।ਕਟਕ ਦੇ ਡੀਸੀਪੀ ਰਿਸ਼ੀਕੇਸ਼ ਖਿਲਾਰੀ ਨੇ ਕਿਹਾ ਕਿ ਕਥਿਤ ਦੋਸ਼ੀ ਦਾ ਆਪਣੇ ਪਿਤਾ ਨਾਲ ਜੱਦੀ ਜਾਇਦਾਦਾਂ ਦੀ ਵਿਕਰੀ ਤੋਂ ਪ੍ਰਾਪਤ ਪੈਸੇ ਦੀ ਵੰਡ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਸੀ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਪਰਾਧ ਵਿਚ ਵਰਤਿਆ ਗਿਆ ਹਥਿਆਰ ਜ਼ਬਤ ਕਰ ਲਿਆ ਹੈ। ਕਥਿਤ ਦੋਸ਼ੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਕਿਉਂਕਿ ਉਸਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।
;
;
;
;
;
;
;
;