ਤੇਜ਼ ਰਫਤਾਰ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਚਾਚੀ-ਭਤੀਜੇ ਦੀ ਮੌਤ
ਅਜਨਾਲਾ, 22 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਅਜਨਾਲਾ ਦੇ ਹਸਪਤਾਲ ਤੋਂ ਦਵਾਈ ਲੈਣ ਆ ਰਹੀ ਚਾਚੀ ਭਤੀਜੇ ਨੂੰ ਇਕ ਤੇਜ਼ ਰਫ਼ਤਾਰ ਅਣਪਛਾਤੀ ਗੱਡੀ ਵਲੋਂ ਟੱਕਰ ਮਾਰ ਦੇਣ ਨਾਲ ਉਕਤ ਚਾਚੀ-ਭਤੀਜੇ ਦੀ ਮੌਕੇ ਉਤੇ ਮੌਤ ਹੋ ਜਾਣ ਨਾਲ 2 ਗਰੀਬ ਪਰਿਵਾਰਾਂ ਉਤੇ ਦੁੱਖਾਂ ਦਾ ਪਹਾੜ ਆਣ ਡਿੱਗਾ।
ਥਾਣਾ ਅਜਨਾਲਾ ਵਿਖੇ ਪੁਲੀਸ ਕਾਰਵਾਈ ਕਰਵਾਉਣ ਪਹੁੰਚੇ ਮ੍ਰਿਤਕ ਮਹਿਲਾ ਲਖਵਿੰਦਰ ਕੌਰ (45) ਦੇ ਪਤੀ ਸਵਰਨ ਸਿੰਘ ਵਾਸੀ ਪਿੰਡ ਮਹਿਲਾਂਵਾਲਾ ਨੇ ਰੋਂਦਿਆਂ ਕੁਰਲਾਉਂਦਿਆਂ ਦੱਸਿਆ ਕਿ ਉਸਦੀ ਪਤਨੀ ਭਤੀਜੇ ਲਵਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੂੰ ਲੈ ਕੇ ਮੋਟਰਸਾਈਕਲ ਰਾਹੀਂ ਅਜਨਾਲਾ ਜਾ ਰਹੀ ਸੀ ਤਾਂ ਜਦੋਂ ਉਨ੍ਹਾਂ ਦਾ ਮੋਟਰਸਾਈਕਲ ਪਿੰਡ ਭੋਏਵਾਲੀ ਨਜ਼ਦੀਕ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਗੱਡੀ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਮੋਟਰਸਾਈਕਲ ਤੋਂ ਹੇਠਾਂ ਸੜਕ ਉਤੇ ਡਿੱਗ ਪਏ ਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਦੋਵਾਂ ਦੇ ਸੱਟਾਂ ਜ਼ਿਆਦਾ ਲੱਗ ਜਾਣ ਕਾਰਨ ਉਸਦੀ ਪਤਨੀ ਅਤੇ ਭਤੀਜੇ ਦੀ ਮੌਕੇ ਉਤੇ ਮੌਤ ਹੋ ਗਈ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ 2 ਜੀਆਂ ਨੂੰ ਟੱਕਰ ਮਾਰਨ ਵਾਲੀ ਗੱਡੀ ਦੀ ਪਹਿਚਾਣ ਕਰਕੇ ਉਸਦੇ ਚਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਉਸਦੀਆਂ 7 ਧੀਆਂ ਅਤੇ ਇਕ ਪੁੱਤਰ ਹੈ ਜਿਨ੍ਹਾਂ ਦਾ ਪਾਲਣ ਪੋਸ਼ਣ ਉਸਦੀ ਪਤਨੀ ਵਲੋਂ ਕੀਤਾ ਜਾਂਦਾ ਸੀ ਕਿਉਂਕਿ ਉਹ ਵੀ ਕਾਫੀ ਬਿਮਾਰ ਰਹਿੰਦਾ ਹੈ। ਇਸ ਸੜਕ ਹਾਦਸੇ ਸੰਬੰਧੀ ਜਦ ਥਾਣਾ ਅਜਨਾਲਾ ਦੇ ਐੱਸ.ਐੱਚ.ਓ ਸਬ-ਇੰਸ: ਹਰਚੰਦ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਉਤੇ ਅਣਪਛਾਤੇ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
;
;
;
;
;
;
;
;