ਬੰਗਲਾਦੇਸ਼ ਰੇਲਵੇ ਨੂੰ 200 ਰੇਲ ਡੱਬੇ ਨਿਰਯਾਤ ਕਰਨ ਲਈ ਆਰ.ਸੀ.ਐਫ. 'ਚ ਰੇਲ ਡੱਬਿਆਂ ਦਾ ਉਤਪਾਦਨ ਸ਼ੁਰੂ
ਕਪੂਰਥਲਾ, 22 ਨਵੰਬਰ (ਅਮਰਜੀਤ ਕੋਮਲ)- ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਬੰਗਲਾਦੇਸ਼ ਰੇਲਵੇ ਨੂੰ 200 ਰੇਲ ਡੱਬੇ ਨਿਰਯਾਤ ਕਰਨ ਲਈ ਰੇਲ ਡੱਬਿਆਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ | ਆਰ.ਸੀ.ਐਫ. ਦੀ ਵਰਕਸ਼ਾਪ ਵਿਚ ਅੱਜ ਪਹਿਲੇ ਕੋਚ ਸ਼ੈੱਲ ਦੇ ਉਤਪਾਦਨ ਦਾ ਰਸਮੀ ਉਦਘਾਟਨ ਸ਼ੈੱਲ ਅਸੈਂਬਲੀ ਸ਼ਾਪ ਦੇ ਸਭ ਤੋਂ ਸੀਨੀਅਰ ਕਰਮਚਾਰੀ ਮਨੋਹਰ ਲਾਲ ਐਸ.ਐਸ.ਈ. (ਸ਼ੈੱਲ) ਵਲੋਂ ਕੀਤਾ ਗਿਆ |
ਇਸ ਮੌਕੇ ਆਰ.ਸੀ.ਐਫ. ਦੇ ਪੀ.ਸੀ.ਐਮ.ਈ. ਰਵੀ ਕੁਮਾਰ, ਪੀ.ਸੀ.ਐਮ.ਐਮ. ਸੰਜੇ ਅਗਰਵਾਲ, ਸੀ.ਡਬਲਯੂ.ਈ. ਸ਼ੈੱਲ ਬਲਦੇਵ ਰਾਜ ਤੋਂ ਇਲਾਵਾ ਆਰ.ਸੀ.ਐਫ. ਦੇ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇੱਥੇ ਵਰਨਣਯੋਗ ਹੈ ਕਿ ਆਰ.ਸੀ.ਐਫ. ਨੇ ਪਹਿਲਾਂ 2016-17 ਵਿਚ ਬੰਗਲਾਦੇਸ਼ ਰੇਲਵੇ ਲਈ 120 ਉੱਚ ਗੁਣਵੱਤਾ ਵਾਲੇ ਰੇਲ ਡੱਬੇ ਤਿਆਰ ਕੀਤੇ ਸਨ |
ਇਨ੍ਹਾਂ ਡੱਬਿਆਂ ਦਾ ਨਿਰਮਾਣ ਦੇ ਸਪਲਾਈ ਬੰਗਲਾਦੇਸ਼ ਰੇਲਵੇ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਸਫਲਤਾਪੂਰਵਕ ਕੀਤੀ ਗਈ ਸੀ | ਜਦਕਿ ਇਸ ਵਾਰ ਆਰ.ਸੀ.ਐਫ. ਨੂੰ ਬੰਗਲਾਦੇਸ਼ ਰੇਲਵੇ ਵਲੋਂ 200 ਰੇਲ ਡੱਬੇ ਬਣਾਉਣ ਦਾ ਆਰਡਰ ਦਿੱਤਾ ਗਿਆ ਹੈ, ਜਿਸ ਤਹਿਤ ਆਰ.ਸੀ.ਐਫ. ਇਸ ਸਾਲ 20 ਰੇਲ ਡੱਬਿਆਂ ਦਾ ਨਿਰਮਾਣ ਕਰੇਗਾ | ਜਿਸ ਵਿਚ 8 ਏਅਰਕੰਡੀਸ਼ਨ (ਏ.ਸੀ. ਰੇਲ ਡੱਬੇ) ਅਤੇ 12 ਨਾਨ ਏ.ਸੀ. ਰੇਲ ਡੱਬੇ ਸ਼ਾਮਲ ਹਨ ਜੋ ਬੰਗਲਾਦੇਸ਼ ਰੇਲਵੇ ਦੀ ਅਪ੍ਰੇਸ਼ਨਲ ਅਤੇ ਯਾਤਰੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਡਿਜ਼ਾਈਨ ਕੀਤੇ ਗਏ ਹਨ |
ਆਰ.ਸੀ.ਐਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਰੇਲ ਕੋਚ ਫ਼ੈਕਟਰੀ ਅਤਿ ਆਧੁਨਿਕ ਬੁਨਿਆਦੀ ਢਾਂਚੇ, ਹੁਨਰਮੰਦ ਮਨੁੱਖੀ ਸ਼ਕਤੀ ਤੇ ਉੱਤਮਤਾ ਪ੍ਰਤੀ ਵਚਨਬੱਧਤਾ ਦੇ ਨਾਲ ਅੱਜ ਵਿਸ਼ਵ ਰੇਲ ਬਾਜ਼ਾਰ ਵਿਚ ਨਿਰੰਤਰ ਭਾਰਤ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ |
;
;
;
;
;
;
;
;