ਵਿਜੀਲੈਂਸ ਟੀਮ ਵਲੋਂ ਕਮਿਸ਼ਨਰ ਨਗਰ ਨਿਗਮ ਬਟਾਲਾ-ਕਮ-ਐਸ.ਡੀ.ਐਮ. ਤੋਂ 14,00,000 ਰੁਪਏ ਦੀ ਬੇ-ਹਿਸਾਬੀ ਵਸੂਲੀ
ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਬੀਤੀ ਰਾਤ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਐਸ.ਡੀ.ਐਮ.ਦੀ ਸਰਕਾਰੀ ਰਿਹਾਇਸ਼ ਬਟਾਲਾ 'ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਛਾਪੇਮਾਰੀ ਦੌਰਾਨ ਵਿਜੀਲੈਂਸ ਟੀਮ ਵਲੋਂ 14 ਲੱਖ ਰੁਪਏ ਦੀ ਬੇਹਿਸਾਬੀ ਰਕਮ ਬਰਾਮਦ ਕੀਤੀ ਗਈ। ਸ਼ਿਕਾਇਤਕਰਤਾ ਅਮਰਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬੀਕੋ ਕੰਪਲੈਕਸ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਸੀ, ਜਿਸ ਦੇ 1,87,483 ਰੁਪਏ ਅਤੇ 1,85,369 ਰੁਪਏ (ਕੁੱਲ ਰਕਮ 3,72,852 ਰੁਪਏ) ਦੇ 2 ਬਿੱਲ ਤਿਆਰ ਕੀਤੇ ਗਏ ਸਨ, ਜਿਸ ਦੇ ਲਈ ਜਦੋਂ ਉਹ ਨਗਰ ਨਿਗਮ ਬਟਾਲਾ ਜਾ ਕੇ ਕਮਿਸ਼ਨਰ ਨੂੰ ਮਿਲਿਆ,ਜਿਸ ਨੇ ਉਸ ਨੂੰ ਦੱਸਿਆ ਕਿ ਉਕਤ ਭੁਗਤਾਨ ਪ੍ਰਾਪਤ ਕਰਨ ਲਈ ਉਸ ਨੂੰ ਬਿੱਲਾਂ ਦਾ 10% ਯਾਨੀ 37000 ਰੁਪਏ ਰਿਸ਼ਵਤ ਵਜੋਂ ਦੇਣੇ ਪੈਣਗੇ ਅਤੇ ਇਸ ਸੰਬੰਧ ਵਿਚ ਉਸਨੂੰ ਐਸ.ਡੀ.ਓ. ਰੋਹਿਤ ਉੱਪਲ ਨੂੰ ਮਿਲਣਾ ਚਾਹੀਦਾ ਹੈ।
ਬਾਅਦ ਵਿਚ ਉਸ ਨੇ ਬਟਾਲਾ ਵਿਚ ਇਕ ਲਾਈਟ ਐਂਡ ਸਾਊਂਡ ਸ਼ੋਅ ਲਈ ਕੈਮਰਾ ਅਤੇ ਹੋਰ ਸੰਬੰਧਿਤ ਕੰਮ ਵੀ ਕੀਤਾ, ਜਿਸ ਦੇ ਲਈ ₹1,81,543 ਰੁਪਏ ਦੀ ਰਕਮ ਬਕਾਇਆ ਸੀ। ਇਸ ਤਰ੍ਹਾਂ ਕੁੱਲ ਰਕਮ ਲਗਭਗ 5,54,395 ਰੁਪਏ ਬਕਾਇਆ ਸੀ। ਉਕਤ ਭੁਗਤਾਨ ਸੰਬੰਧੀ ਜਦੋਂ ਉਹ ਐਸ.ਡੀ.ਓ. ਰੋਹਿਤ ਉੱਪਲ ਨੂੰ ਮਿਲਿਆ, ਜਿਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਕਮਿਸ਼ਨਰ ਨਗਰ ਨਿਗਮ ਬਟਾਲਾ ਨੂੰ ਮਿਲਣ 'ਤੇ ਉਹ ਬਣਦੀ ਰਕਮ ਜਾਰੀ ਕਰਨ ਲਈ 9% ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ। ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ, ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਵਿਚ ਹਾਜ਼ਰ ਹੋਇਆ ਅਤੇ ਰਿਸ਼ਵਤ ਵਜੋਂ ਵਰਤੇ ਜਾਣ ਵਾਲੇ 50,000 ਰੁਪਏ ਪੇਸ਼ ਕੀਤੇ ਅਤੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਆਪਣਾ ਬਿਆਨ ਦਰਜ ਕਰਵਾਇਆ। ਇਸ ਤੋਂ ਬਾਅਦ ਉਕਤ ਦੋਸ਼ੀ ਕਮਿਸ਼ਨਰ, ਨਗਰ ਨਿਗਮ, ਬਟਾਲਾ ਵਿਰੁੱਧ ਉਕਤ ਮਾਮਲੇ ਦੀ ਐਫ.ਆਈ.ਆਰ. ਦਰਜ ਕੀਤੀ ਗਈ।
ਵਿਜੀਲੈਂਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਮਿਸ਼ਨਰ ਵਿਕਰਮਜੀਤ ਸਿੰਘ ਪਾਂਥੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਜਾਂਚ ਅਧਿਕਾਰੀ ਨੇ 50,000/- ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਹੋਰ ਤਲਾਸ਼ੀ ਲੈਣ 'ਤੇ 13,50,000/- ਰੁਪਏ ਦੀ ਬੇਹਿਸਾਬੀ ਰਕਮ ਵੀ ਬਰਾਮਦ ਕੀਤੀ ਗਈ। ਇਸ ਸੰਬੰਧੀ ਤੁਰੰਤ ਕੇਸ ਦੀ ਜਾਂਚ ਚੱਲ ਰਹੀ ਹੈ ਅਤੇ ਕਮਿਸ਼ਨਰ ਨੂੰ ਸਮਰੱਥ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
;
;
;
;
;
;
;
;