ਜਲੰਧਰ ਜਬਰ ਜਨਾਹ ਮਾਮਲਾ- ਧੀ ਤਾਂ ਧੀ ਹੁੰਦੀ ਹੈ ਚਾਹੇ ਉਹ ਕਿਸੇ ਦੀ ਵੀ ਹੋਵੇ- ਅਸ਼ਵਨੀ ਸ਼ਰਮਾ
ਜਲੰਧਰ, 26 ਨਵੰਬਰ- ਜਬਰ ਜਨਾਹ ਦੀ ਪੀੜਤ ਬੱਚੀ ਦੇ ਘਰ ਪੁੱਜੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੋ ਕੁਝ ਵੀ ਹੋਇਆ, ਉਸ ਨੇ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਅਸੀਂ ਇਕ ਪਾਸੇ ਕੰਜਕ ਰੂਪ ’ਚ ਧੀਆਂ ਦੀ ਪੂਜਾ ਕਰਦੇ ਹਾਂ ਤੇ ਦੂਜੇ ਪਾਸੇ ਅਜਿਹਾ ਕੰਮ ਹੁੰਦਾ ਹੈ, ਜੋ ਨਾ-ਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮਾਨਸਿਕਤਾ ਬਹੁਤ ਡਿੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਹੋਈਆਂ ਹਨ ਪਰ ਜੇ ਪੁਲਿਸ ਤੇ ਸਰਕਾਰ ਉਨ੍ਹਾਂ ਦੋਸ਼ੀਆਂ ਨੂੰ ਪਹਿਲਾਂ ਹੀ ਸਖ਼ਤ ਸਜ਼ਾ ਦੇ ਦਿੰਦੀ ਤਾਂ ਅੱਜ ਇਹ ਬੱਚੀ ਆਪਣੇ ਪਰਿਵਾਰ ਵਿਚ ਹੁੰਦੀ। ਉਨ੍ਹਾਂ ਪੁਲਿਸ ਕਮਿਸ਼ਨਰ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਿਥੇ ਇਕ ਮਹਿਲਾ ਪੁਲਿਸ ਮੁਖੀ ਹੋਵੇ, ਉਥੇ ਅਜਿਹੇ ਮਾਮਲੇ ਵਿਚ ਇਨਸਾਫ਼ ਮਿਲਣ ਨੂੰ ਇੰਨੀ ਦੇਰ ਲੱਗ ਜਾਵੇ, ਇਹ ਸਹੀ ਨਹੀਂ ਲੱਗਦਾ। ਉਨ੍ਹਾਂ ਅੱਗੇ ਕਿਹਾ ਕਿ ਅੱਜ ਪਰਿਵਾਰ ਨਿਆਂ ਲਈ ਦਰ-ਦਰ ਭਟਕ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੇ ਪੁਲਿਸ ਅਧਿਕਾਰੀਆਂ ’ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਧੀ ਤਾਂ ਧੀ ਹੁੰਦੀ ਹੈ, ਚਾਹੇ ਉਹ ਕਿਸੇ ਦੀ ਵੀ ਹੋਵੇ।
;
;
;
;
;
;
;