JALANDHAR WEATHER

ਫੰਮਣਵਾਲ ਦੀ ਪੰਚਾਇਤ ਵਲੋਂ ਪਿੰਡ ’ਚ ਪਤੰਗਬਾਜ਼ੀ ’ਤੇ ਪਾਬੰਦੀ ਲਗਾਉਣ ਦਾ ਫੈਸਲਾ

ਭਵਾਨੀਗੜ੍ਹ, 28 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਚਾਈਨਾ ਡੋਰ ਨਾਲ ਪਿਛਲੇ ਦਿਨਾਂ ’ਚ ਹੋਈਆਂ ਮੌਤਾਂ ਅਤੇ ਕਈ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਨੂੰ ਮੁੱਖ ਰੱਖਦਿਆਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪਿੰਡਾਂ ’ਚ ਪਤੰਗਬਾਜ਼ੀ ਮੁਕੰਮਲ ਬੰਦ ਕਰਨ ਦੇ ਮਤੇ ਪਾਏ ਜਾ ਰਹੇ ਹਨ। ਇਸੇ ਤਰ੍ਹਾਂ ਪਿੰਡ ਫੰਮਣਵਾਲ ਦੇ ਸਰਪੰਚ ਸੁਖਚੈਨ ਸਿੰਘ ਨੇ ਪਿੰਡ ’ਚ ਇਕੱਠ ਕਰਕੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ ’ਚ ਪਤੰਗਬਾਜ਼ੀ ਬੰਦ ਕਰਨ ਅਤੇ ਪਤੰਗ ਅਤੇ ਡਾਈਨਾ ਡੋਰ ਵੇਚਣ ’ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਸੰਬੰਧੀ ਸਰਪੰਚ ਸੁਖਚੈਨ ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਲੰਘੇ ਦਿਨਾਂ ’ਚ ਪੰਜਾਬ ’ਚ ਚਾਈਨਾ ਡੋਰ ਨਾਲ ਪਤੰਗ ਚੜ੍ਹਾਉਣ ਨਾਲ ਕਈ ਜਾਨਾਂ ਜਾ ਚੁੱਕੀਆਂ ਹਨ, ਜਿਨ੍ਹਾਂ ’ਚ ਇਕ ਪਿੰਡ ਦੇ ਸਰਪੰਚ ਦੇ ਇਕਲੌਤੇ ਪੁੱਤਰ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਇਸ ਦੇ ਮੱਦੇਨਜਰ ਉਨ੍ਹਾਂ ਪਿੰਡ ’ਚ ਚਾਈਨਾ ਡੋਰ ਵਰਤਣ ਅਤੇ ਪਤੰਗਬਾਜ਼ੀ ਕਰਨ ਉਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਲੈਂਦਿਆਂ ਜਿਹੜਾ ਵੀ ਵਿਅਕਤੀ ਇਸ ਦੀ ਉਲੰਘਣਾ ਕਰੇਗਾ, ਉਸ ਨੂੰ 5 ਹਜ਼ਾਰ ਰੁਪਏ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ। ਇਸ ਮੌਕੇ ਸਰਪੰਚ ਸੁਖਚੈਨ ਸਿੰਘ ਤੋਂ ਇਲਾਵਾ ਮਲਕੀਤ ਸਿੰਘ, ਗੁਰਧਿਆਨ ਸਿੰਘ, ਨਿਰਭੈ ਸਿੰਘ, ਗੁਰਤੇਜ ਸਿੰਘ, ਹਮੀਰ ਸਿੰਘ, ਹਰਵਿੰਦਰ ਸਿੰਘ ਨੰਬਰਦਾਰ, ਸਤਨਾਮ ਸਿੰਘ ਬਲਾਕ ਪ੍ਰਧਾਨ, ਸੁਖਵੰਤ ਸਿੰਘ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ