ਪ੍ਰੇਮਿਕਾ ਨੂੰ ਮਿਲਣ ਆਏ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਇਲਾਜ ਦੌਰਾਨ ਮੌਤ
ਮੋਗਾ, 31 ਜਨਵਰੀ (ਹਰਪਾਲ ਸਿੰਘ)- ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ’ਚ ਪ੍ਰੇਮ-ਪ੍ਰਸੰਗ ਦੇ ਚਲਦੇ ਇਕ 32 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਰੇਸ਼ਮ ਸਿੰਘ ਵਜੋਂ ਹੋਈ ਹੈ, ਜੋ ਕਿ ਅਵਿਵਾਹਿਤ ਸੀ ਅਤੇ ਆਪਣੇ ਹੀ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ ਸੰਬੰਧਾਂ ’ਚ ਸੀ।
ਮਿਲੀ ਜਾਣਕਾਰੀ ਮੁਤਾਬਕ ਰੇਸ਼ਮ ਸਿੰਘ ਕੁਝ ਸਮੇਂ ਤੋਂ ਪ੍ਰੇਮਿਕਾ ਦੇ ਘਰ ਦੇ ਨੇੜੇ ਰਹਿੰਦੇ ਆਪਣੇ ਜਾਣਕਾਰ ਗੁਰਦੀਪ ਸਿੰਘ ਦੇ ਘਰ ਟਿਕਿਆ ਹੋਇਆ ਸੀ। 29 ਜਨਵਰੀ ਦੀ ਸ਼ਾਮ ਕਰੀਬ 7:30 ਵਜੇ ਉਹ ਆਪਣੇ ਦੋਸਤ ਦੇ ਘਰੋਂ ਨਿਕਲ ਕੇ ਸਿਰਫ਼ 50 ਮੀਟਰ ਦੂਰ ਸਥਿਤ ਪ੍ਰੇਮਿਕਾ ਦੇ ਘਰ ਪਹੁੰਚਿਆ। ਇਸ ਦੌਰਾਨ ਲੜਕੀ ਦੇ ਪਰਿਵਾਰ ਨੂੰ ਉਸਦੀ ਆਮਦ ਦੀ ਖ਼ਬਰ ਮਿਲ ਗਈ। ਦੋਸ਼ ਹੈ ਕਿ ਕਰੀਬ 8 ਵਜੇ ਰਾਤ ਲੜਕੀ ਦੇ ਪਿਤਾ ਬੇਅੰਤ ਸਿੰਘ ਅਤੇ ਉਸਦੇ ਗੁਆਂਢੀ ਦੋਸਤ ਪਰਮਜੀਤ ਸਿੰਘ ਨੇ ਰੇਸ਼ਮ ਸਿੰਘ ਨੂੰ ਘਰ ’ਚ ਫੜ ਲਿਆ ਅਤੇ ਲੋਹੇ ਦੀਆਂ ਪਾਈਪਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਗੰਭੀਰ ਜ਼ਖ਼ਮੀ ਕਰਨ ਤੋਂ ਬਾਅਦ ਦੋਵਾਂ ਨੇ ਉਸਨੂੰ ਘਰ ਤੋਂ ਭਜਾ ਦਿੱਤਾ।
ਜਖ਼ਮੀ ਹਾਲਤ ’ਚ ਰੇਸ਼ਮ ਸਿੰਘ ਕਿਸੇ ਤਰ੍ਹਾਂ ਤੁਰਦਾ ਹੋਇਆ ਆਪਣੇ ਦੋਸਤ ਗੁਰਦੀਪ ਸਿੰਘ ਦੇ ਘਰ ਦੇ ਬਾਹਰ ਆ ਕੇ ਡਿੱਗ ਪਿਆ। ਆਵਾਜ਼ ਸੁਣ ਕੇ ਗੁਰਦੀਪ ਬਾਹਰ ਆਇਆ ਅਤੇ ਤੁਰੰਤ ਰੇਸ਼ਮ ਦੀ ਮਾਂ ਨੂੰ ਸੂਚਨਾ ਦਿੱਤੀ। ਪਰਿਵਾਰ ਵਾਲੇ ਉਸਨੂੰ ਫ਼ੌਰੀ ਤੌਰ ‘ਤੇ ਸਿਵਲ ਹਸਪਤਾਲ ਮੋਗਾ ਲੈ ਗਏ, ਜਿੱਥੇ ਦੇਰ ਰਾਤ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਨਿਹਾਲ ਸਿੰਘ ਵਾਲਾ ਦੇ ਐੱਸ.ਐੱਚ.ਓ. ਪੂਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਲੜਕੀ ਦੇ ਪਿਤਾ ਬੇਅੰਤ ਸਿੰਘ ਅਤੇ ਪਰਮਜੀਤ ਸਿੰਘ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
;
;
;
;
;
;
;