ਬੀਅਰ ਪੀ ਕੇ ਸਾਇਕਲ ਚਲਾਉਣ ਵਾਲੇ ਭਾਰਤੀ ਨੂੰ 600 ਯੂਰੋ ਦਾ ਜੁਰਮਾਨਾ
ਵੈਨਿਸ (ਇਟਲੀ), 31 ਜਨਵਰੀ (ਹਰਦੀਪ ਸਿੰਘ ਕੰਗ)- ਇਟਲੀ ਦੇ ਨੌਰਥ ਇਲਾਕੇ ’ਚ ਪੋਰਤੋਗੁਆਰੋ ਸ਼ਹਿਰ ’ਚ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੰਡ ਸੂਰਾ ਨਾਲ ਸਬੰਧਿਤ ਇਕ ਸਾਇਕਲ ਸਵਾਰ ਭਾਰਤੀ ਨੌਜਵਾਨ ਨੂੰ ਇਟਾਲੀਅਨ ਪੁਲਿਸ ਵਲੋਂ ਲੱਗਭਗ 600 ਯੁਰੋ ਦਾ ਜੁਰਮਾਨਾ ਕੀਤਾ ਗਿਆ ਹੈ, ਕਿਉਂਕਿ ਇਸ ਨੌਜਵਾਨ ਨੇ ਸਾਇਕਲ ਚਲਾਉਂਦੇ ਸਮੇਂ ਬੀਅਰ ਪੀਤੀ ਹੋਈ ਸੀ, ਇਸ ਦੇ ਨਾਲ਼ ਹੀ ਸਾਇਕਲ ’ਤੇ ਲਾਈਟ ਨਾ ਹੋਣ ਕਰਕੇ ਵੀ ਪੁਲਿਸ ਵਲੋਂ ਇਸ ਵਿਅਕਤੀ ਨੂੰ 18 ਯੂਰੋ ਦਾ ਇਕ ਹੋਰ ਵੱਖਰਾ ਜੁਰਮਾਨਾ ਕੀਤਾ ਗਿਆ।
ਜਾਣਕਾਰੀ ਅਨੁਸਾਰ 27 ਜਨਵਰੀ ਸ਼ਾਮ 7:30 ਦੇ ਕਰੀਬ ਇਟਾਲੀਅਨ ਪੁਲਿਸ ਨੇ ਪੋਰਤੋਗੁਆਰੋ ਸ਼ਹਿਰ ਵਿਖੇ ਇਨਸ ਮਾਰਕੀਟ ਦੇ ਕੋਲ ਸਾਇਕਲ ’ਤੇ ਜਾ ਰਹੇ ਪਨਵਰ ਰਾਹੁਲ ਨਾਂ ਦੇ ਭਾਰਤੀ ਨੌਜਵਾਨ ਨੂੰ ਰੋਕਿਆ, ਜਦੋਂ ਪੁਲਿਸ ਨੇ ਅਲਕੋਹਲ ਨਿਰੀਖਣ ਕੀਤਾ ਤਾਂ ਇਸ ਵਿਅਕਤੀ ਨੇ 0,89 ਅਲਕੋਹਲ ਦਾ ਸੇਵਨ ਕੀਤਾ ਹੋਇਆ ਸੀ ਜੋ ਕਿ ਇਟਲੀ ਦੇ ਕਾਨੁੰਨ ਮੁਤਾਬਿਕ ਜ਼ਿਆਦਾ ਮਾਤਰਾ ’ਚ ਸੀ। ਪੁਲਿਸ ਨੇ ਸੜਕ ਸੁਰੱਖਿਆ ਕਾਨੂੰਨ (ਆਰਟ 186) ਤਹਿਤ ਕਾਰਵਾਈ ਕਰਦਿਆਂ ਇਸ ਨੌਜਵਾਨ ਨੂੰ 543 ਯੂਰੋ ਦਾ ਜੁਰਮਾਨਾ ਕੀਤਾ ਅਤੇ ਸਾਇਕਲ ’ਤੇ ਲਾਈਟ ਨਾ ਹੋਣ ਕਰਕੇ 18 ਯੂਰੋ ਦਾ ਜੁਰਮਾਨਾ ਕੀਤਾ ਗਿਆ। ਇਸੇ ਦੌਰਾਨ ਇਸ ਨੌਜਵਾਨ ਨੂੰ ਇਟਾਲੀਅਨ ਭਾਸ਼ਾ ਘੱਟ ਆਉਂਦੀ ਹੋਣ ਕਰਕੇ ਪੁਲਿਸ ਦੁਆਰਾ ਗੱਲਬਾਤ ਲਈ ਇਲਾਕੇ ਦੀ ਪ੍ਰਸਿੱਧ ਸ਼ਖਸੀਅਤ ਅਸ਼ੋਕ ਰਾਣਾ ਮੋਉਲੀ ਨੂੰ ਫੋਨ ਕਰਕੇ ਤੁਰੰਤ ਸੱਦਿਆ ਗਿਆ। ਰਾਣਾ ਨੇ ਕਿਹਾ ਕਿ ਸੜਕਾਂ ’ਤੇ ਸੁਰੱਖਿਆ ਦੇ ਮੰਤਵ ਨਾਲ ਹੁਣ ਇਟਾਲੀਅਨ ਪੁਲਿਸ ਟਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਪੂਰੀ ਮੁਸਤੈਦੀ ਵਰਤ ਰਹੀ ਹੈ ਅਤੇ ਇਸ ਲਈ ਲੋੜ ਹੈ ਕੇ ਡਰਾਈਵਿੰਗ ਕਰਦੇ ਸਮੇਂ ਇੱਥੋਂ ਤੱਕ ਕੇ ਸਾਈਕਲ ਚਲਾਉਂਦੇ ਸਮੇਂ ਵੀ ਕਿਸੇ ਵੀ ਕਿਸਮ ਦਾ ਨਸ਼ਾ ਜਾਂ ਬੀਅਰ ਆਦਿ ਤੱਕ ਦਾ ਸੇਵਨ ਵੀ ਨਾ ਕੀਤਾ ਜਾਵੇ।
;
;
;
;
;
;
;