ਸ਼੍ਰੋਮਣੀ ਕਮੇਟੀ ਨੇ ਏ. ਆਈ. ਤਕਨੀਕ ਦੇ ਮਾਹਿਰਾਂ ਦੀ ਸਬ-ਕਮੇਟੀ ਕੀਤੀ ਗਠਿਤ
ਅੰਮ੍ਰਿਤਸਰ, 2 ਫ਼ਰਵਰੀ (ਜਸਵੰਤ ਸਿੰਘ ਜੱਸ)-ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਮਾਣ-ਮਰਿਆਦਾ ਖਿਲਾਫ਼ ਬਣ ਰਹੀਆਂ ਵੀਡੀਓਜ਼ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਅੰਤ੍ਰਿੰਗ ਕਮੇਟੀ ਦੇ ਹੋਏ ਫੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਏ. ਆਈ. ਇੰਟਰਨੈਟ ਖੇਤਰ ’ਚ ਤਜ਼ਰਬਾ ਰੱਖਣ ਵਾਲੇ ਮਾਹਿਰਾਂ ਦੀ ਸਬ-ਕਮੇਟੀ ਗਠਿਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਵੀਡੀਓਜ਼ ਅਤੇ ਹੋਰ ਸਮੱਗਰੀ ਸੋਸ਼ਲ ਮੀਡੀਆ ’ਤੇ ਲਗਾਤਾਰ ਵਧ ਰਹੀ ਹੈ, ਜਿਸ ’ਤੇ ਰੋਕ ਲਗਾਉਣ ਲਈ ਅੰਤ੍ਰਿੰਗ ਕਮੇਟੀ ਵਲੋਂ ਇਸ ਖੇਤਰ ਵਿਚ ਕਾਰਜਸ਼ੀਲ ਕਾਨੂੰਨੀ ਤੇ ਮਾਹਿਰ ਸ਼ਖ਼ਸੀਅਤਾਂ ’ਤੇ ਨਿਰਧਾਰਿਤ ਇਕ ਸਬ-ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਐਡਵੋਕੇਟ ਧਾਮੀ ਵਲੋਂ ਬਣਾਈ ਗਈ ਇਸ ਕਮੇਟੀ ’ਚ ਡਾ. ਹਰਜਿੰਦਰ ਸਿੰਘ ਸੰਧੂ ਅਮਰੀਕਾ, ਹਰਮੀਤਸ਼ਾਹ ਸਿੰਘ ਯੂਕੇ, ਡਾ. ਸਰਬਜੋਤ ਸਿੰਘ ਯੂਕੇ, ਡਾ. ਹਰਸਰਪ੍ਰੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ, ਡਾ. ਗੁਰਪਾਲ ਸਿੰਘ ਖਾਲਸਾ ਕਾਲਜ ਪਟਿਆਲਾ, ਡਾ. ਜਗਦੀਪ ਸਿੰਘ ਮੱਲ੍ਹੀ ਤੇ ਡਾ. ਸਤਿੰਦਰਪਾਲ ਸਿੰਘ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਿਸਟਮ ਐਡਮਿਨਸ੍ਰੇਟਰ ਕਰਮਵੀਰ ਸਿੰਘ ਹੋਣਗੇ। ਸਕੱਤਰ ਨੇ ਕਿਹਾ ਕਿ ਇਹ ਸਬ-ਕਮੇਟੀ ਏ ਆਈ ਤਕਨੀਕ ਨਾਲ ਸਿੱਖ ਧਰਮ ਖਿਲਾਫ਼ ਸੋਸ਼ਲ ਮੀਡੀਆ ’ਤੇ ਪ੍ਰਚਾਰੀ ਜਾ ਰਹੀ ਸਮੱਗਰੀ ਨੂੰ ਰੋਕਣ ਲਈ ਏਆਈ ਤਕਨੀਕ ਦੀਆਂ ਪ੍ਰਮੁੱਖ ਕੰਪਨੀਆਂ ਨਾਲ ਵੀ ਰਾਬਤਾ ਬਣਾਉਣ ਲਈ ਕਾਰਜ ਕਰੇਗੀ।
;
;
;
;
;
;
;