JALANDHAR WEATHER

ਗੋਬਿੰਦ ਸਿੰਘ ਦੇ ਵਿਆਹ ਸਮੇਂ ਜੋ ਬੱਚਿਆਂ ਤੇ ਪਰਿਵਾਰ ਤੋਂ ਬੱਜਰ ਗੁਸਤਾਖੀ ਹੋਈ ਹੈ, ਉਸਦੀ ਸਮੁੱਚੇ ਖ਼ਾਲਸਾ ਪੰਥ ਤੋਂ ਮੁਆਫ਼ੀ ਮੰਗਦੇ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 2 ਫਰਵਰੀ- “ਮੇਰੇ ਦੋਹਤੇ ਸ. ਗੋਬਿੰਦ ਸਿੰਘ ਦਾ ਬੀਤੇ ਦਿਨੀਂ ਵਿਆਹ ਪ੍ਰੋਗਰਾਮ ਹੋਇਆ ਹੈ । ਬੇਸ਼ੱਕ ਮੈਂ ਉਸ ਦਿਨ ਚੰਡੀਗੜ੍ਹ ਵਿਚ ਹੀ ਸੀ ਪਰ ਜਦੋ ਬੱਚਿਆਂ ਤੇ ਪਰਿਵਾਰ ਨੇ ਛੱਤਰ ਦੇ ਨਾਲ ਚੌਰ ਸਾਹਿਬ ਝੁਲਾਉਣ ਦੇ ਅਮਲ ਕੀਤੇ, ਉਸ ਕਾਰਜ ਸਮੇਂ ਮੈਂ ਉਥੇ ਨਹੀਂ ਸੀ । ਮੈਨੂੰ ਤਾਂ ਸਿੱਖ ਰਹਿਤ ਮਰਿਯਾਦਾ ਦੀ ਪੂਰੀ ਜਾਣਕਾਰੀ ਵੀ ਹੈ ਅਤੇ ਛਤਰ ਤੇ ਚੌਰ ਸਾਹਿਬ ਦੀ ਵੱਡੀ ਮਹਾਨਤਾ ਬਾਰੇ ਵੀ ਸਮਝ ਹੈ। ਜੇਕਰ ਮੈਂ ਮੌਕੇ ’ਤੇ ਹੁੰਦਾ ਤਾਂ ਮੈਂ ਉਸ ਸਮੇਂ ਬੱਚਿਆਂ ਨੂੰ ਅਜਿਹਾ ਕਰਨ ਤੋਂ ਹਰ ਕੀਮਤ ’ਤੇ ਵਰਜ ਦੇਣਾ ਸੀ। ਕਿਉਂਕਿ ਮੈਂ ਸ. ਗੋਬਿੰਦ ਸਿੰਘ ਦੇ ਨਾਨਾ ਹੋਣ ਦੇ ਨਾਲ-ਨਾਲ ਖ਼ਾਲਸਾ ਪੰਥ ਦੀ ਆਜ਼ਾਦੀ ਲਈ ਸੰਘਰਸ਼ ਕਰਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਮੁੱਖ ਸੇਵਾਦਾਰ ਵੀ ਹਾਂ । ਇਸ ਲਈ ਮੈਂ ਇਸ ਹੋਈ ਗੁਸਤਾਖੀ ਲਈ ਆਪਣੇ ਅਤੇ ਆਪਣੇ ਪਰਿਵਾਰ ਵਲੋਂ ਮੀਰੀ-ਪੀਰੀ ਦੇ ਮਹਾਨ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੁੱਚੇ ਖ਼ਾਲਸਾ ਪੰਥ ਤੋਂ ਆਤਮਿਕ ਤੌਰ ਉਤੇ ਮੁਆਫ਼ੀ ਮੰਗਦਾ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦੋਹਤੇ ਸ. ਗੋਬਿੰਦ ਸਿੰਘ ਦੇ ਵਿਆਹ ਸਮੇਂ ਹੋਈਆਂ ਰਸਮਾਂ ਵਿਚ ਹੋਈ ਬੱਜਰ ਗੁਸਤਾਖੀ ਲਈ ਸਮੁੱਚੇ ਖਾਲਸਾ ਪੰਥ ਤੋਂ ਹਾਰਦਿਕ ਮੁਆਫ਼ੀ ਮੰਗਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਸੋਸ਼ਲ ਮੀਡੀਆ ਦੇ ਸਾਧਨਾਂ ਉਤੇ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਧੂੰਆਂਧਾਰ ਨਫਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਉਹ ਲੋਕ ਹੀ ਹਨ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਕੌਮੀ ਸੋਚ ਖਾਲਿਸਤਾਨ ਦੇ ਨਿਸ਼ਾਨੇ ਨੂੰ ਪੂਰਨ ਰੂਪ ਵਿਚ ਪਿੱਠ ਦੇ ਗਏ ਹਨ ਅਤੇ ਸਮੇਂ-ਸਮੇਂ ’ਤੇ ਦਾਸ ਨੂੰ ਵੀ ਖਾਲਿਸਤਾਨ ਦੇ ਨਿਸ਼ਾਨੇ ਤੋਂ ਥਿੜਕਾਉਣ ਦੀਆਂ ਕਾਰਵਾਈ ਕਰਦੇ ਆ ਰਹੇ ਹਨ। ਉਹ ਤਾਕਤਾਂ ਤੇ ਲੋਕ ਮੇਰੇ ਨਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਂ ਵਿਰੁੱਧ ਈਰਖਾਵਾਦੀ ਸੋਚ ਅਧੀਨ ਹੀ ਅਜਿਹਾ ਪ੍ਰਚਾਰ ਕਰ ਰਹੇ ਹਨ । ਪਰ ਉਹ ਕਦੀ ਵੀ ਦਾਸ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਆਪਣੇ ਕੌਮੀ ਨਿਸ਼ਾਨੇ ਤੋਂ ਥਿੜਕਾਉਣ ਵਿਚ ਕਾਮਯਾਬ ਨਹੀਂ ਹੋ ਸਕਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ