328 ਪਾਵਨ ਸਰੂਪਾਂ ਦੇ ਮਾਮਲੇ ਸੰਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੁਕਮ ਜਾਰੀ
ਅੰਮ੍ਰਿਤਸਰ, 2 ਫ਼ਰਵਰੀ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਇਕ ਜ਼ਰੂਰੀ ਆਦੇਸ਼ ਜਾਰੀ ਕਰਕੇ ਇਸ ਮਾਮਲੇ ਨਾਲ ਸਬੰਧਤ ਸਮੂਹ ਧਿਰਾਂ ਨੂੰ ਸਖ਼ਤ ਹਦਾਇਤ ਕੀਤੀ ਹੈ। ਜਾਰੀ ਕੀਤੀ ਗਏ ਹੁਕਮਾਂ ’ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ, ਜਿਨ੍ਹਾਂ ਨਾਲ ਹਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਹਦਾਇਤ ਕੀਤੀ ਗਈ ਸੀ ਕਿ ਇਸ ਮਾਮਲੇ ’ਚ ਕਿਸੇ ਵੀ ਧਿਰ ਵਲੋਂ ਸਿਆਸਤ, ਦੂਸ਼ਣਬਾਜ਼ੀ, ਕਾਹਲੀ ਅਤੇ ਬਿਆਨਬਾਜ਼ੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਧਿਆਨ ’ਚ ਆਇਆ ਹੈ ਕਿ ਕੀਤੀ ਗਈ ਹਦਾਇਤ ਦੇ ਬਾਵਜੂਦ ਵੀ ਇਸ ਮਾਮਲੇ ’ਚ ਕੁਝ ਸੰਬੰਧਤ ਧਿਰਾਂ ਵਲੋਂ ਲਗਾਤਾਰ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਅਤੇ ਮੀਡੀਆ, ਸੋਸ਼ਲ ਮੀਡੀਆ ਉੱਪਰ ਵੀ ਟ੍ਰਾਇਲ ਚਲਾਇਆ ਜਾ ਰਿਹਾ ਹੈ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀਤੀ ਹਦਾਇਤ ਦੀ ਭਾਵਨਾ ਦਾ ਸਤਿਕਾਰ ਨਹੀਂ।
ਆਦੇਸ਼ ’ਚ ਉਨ੍ਹਾਂ ਕਿਹਾ ਕਿ ਜਦੋਂ ਤੱਕ ਜਾਂਚ ਪੜਤਾਲ ਮੁਕੰਮਲ ਨਹੀਂ ਹੁੰਦੀ ਅਤੇ ਸੱਚ ਸਾਹਮਣੇ ਨਹੀਂ ਆਉਂਦਾ, ਉਦੋਂ ਤੱਕ ਕਿਸੇ ਵੀ ਧਿਰ ਜਾਂ ਮੀਡੀਆ ਵਲੋਂ ਇਸ ਮਾਮਲੇ ’ਚ ਬੋਲਣਾ ਅਤੇ ਆਪੋ-ਆਪਣੇ ਹਿਸਾਬ ਨਾਲ ਤੱਥ ਪੇਸ਼ ਕਰਨੇ ਜਾਂ ਬਿਰਤਾਂਤ ਖੜ੍ਹਾ ਕਰਨਾ ਬਿਲਕੁਲ ਵੀ ਵਾਜਬ ਨਹੀਂ, ਕਿਉਂਕਿ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਸੰਗਤਾਂ ’ਚ ਦੁਵਿਧਾ ਪੈਦਾ ਹੁੰਦੀ ਹੈ। ਜਾਂਚ ਮੁਕੰਮਲ ਹੋਣ ਤੱਕ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਜਾਂ ਸਮੂਹ ਧਿਰਾਂ ਜਾਂ ਸਬੰਧਤ ਧਿਰਾਂ ਦੇ ਵਕੀਲਾਂ ਨੂੰ ਵੀ ਇਹ ਅਧਿਕਾਰ ਨਹੀਂ ਹੈ ਕਿ ਉਹ ਇਸ ਮਾਮਲੇ ਉੱਤੇ ਕੋਈ ਪ੍ਰੈੱਸ ਵਾਰਤਾ ਕਰਨ। ਜਥੇਦਾਰ ਗੜਗੱਜ ਨੇ ਸਮੂਹ ਸੰਬੰਧਤ ਧਿਰਾਂ ਨੂੰ ਇਕ ਵਾਰ ਫਿਰ ਸਖ਼ਤੀ ਨਾਲ ਹਦਾਇਤ ਕੀਤੀ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ, ਇਸ ਮਾਮਲੇ ’ਚ ਪੂਰਾ ਸੰਯਮ ਤੇ ਸ਼ਬਦਾਂ ਦੀ ਮਰਯਾਦਾ ਰੱਖਣ ਅਤੇ ਕੀਤੇ ਆਦੇਸ਼ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਟੀਮ ਜਦੋਂ ਵੀ ਕਿਤੇ ਜਾਂਚ ਪੜਤਾਲ ਦੀ ਕਾਰਵਾਈ ਲਈ ਜਾ ਰਹੀ ਹੈ ਤਾਂ ਉਸ ਦੀ ਜਾਣਕਾਰੀ ਮੀਡੀਆ ਨੂੰ ਲੀਕ ਕਰਕੇ ਖ਼ਬਰਾਂ ਚਲਵਾਈਆਂ ਜਾ ਰਹੀਆਂ ਹਨ ਜੋ ਕਿ ਜ਼ਿੰਮੇਵਾਰੀ ਵਾਲੀ ਅਤੇ ਸੰਜੀਦਾ ਪਹੁੰਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਾਂਚ ਦੇ ਚੱਲਦਿਆਂ ਇਹ ਵੀ ਸਾਹਮਣੇ ਆਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਕਰਨ ਲਈ ਪੁਲਿਸ ਵੱਲੋਂ ਬਹੁਤ ਕਾਹਲੀ ਕੀਤੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਤੱਥਾਂ ਰਹਿਤ ਜਾਣਕਾਰੀ ਜਨਤਕ ਕਰਨ ਵਿੱਚ ਵੀ ਕਾਹਲੀ ਕੀਤੀ ਗਈ ਹੈ, ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਪੰਜਾਬ ਅੰਦਰ ਅਮਨ ਕਾਨੂੰਨ ਭੰਗ ਹੋਣ ਜਿਹੀ ਸਥਿਤੀ ਬਣਨ ਦੇ ਹਾਲਾਤ ਵੀ ਪੈਦਾ ਹੋਏ ਹਨ। ਭਾਵੇਂ ਕਿ ਮੌਜੂਦਾ ਵਿਸ਼ੇਸ਼ ਜਾਂਚ ਟੀਮ ਦੀ ਯੋਗਤਾ ਉੱਤੇ ਕੋਈ ਸ਼ੰਕਾ ਨਹੀਂ, ਪਰੰਤੂ ਚੰਗਾ ਹੋਵੇ ਪੰਜਾਬ ਪੁਲਿਸ ਦੀ ਜਾਂਚ ਟੀਮ ਉਹ ਹੋਵੇ ਜਿਸ ਨੂੰ ਗੁਰਮਤਿ ਅਤੇ ਸਿੱਖ ਮਰਯਾਦਾ ਦੀ ਪੂਰਨ ਸਮਝ ਹੋਵੇ ਅਤੇ ਅੰਮ੍ਰਿਤਧਾਰੀ ਸਿੱਖਾਂ ਅਧਾਰਤ ਟੀਮ ਹੋਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੰਜੀਦਗੀ, ਸਹਿਣਸ਼ੀਲਤਾ, ਗੁਰੂ ਸਾਹਿਬ ਦੀ ਬਖ਼ਸ਼ੀ ਬਿਬੇਕ ਬੁੱਧ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ, ਗੁਰਦੁਆਰਾ ਸਾਹਿਬਾਨ ਦੀ ਮਰਯਾਦਾ ਅਤੇ ਸਤਿਕਾਰ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਆ ਜਾਵੇ।
;
;
;
;
;
;
;