JALANDHAR WEATHER

8ਵੀਂ ਦੇ ਪ੍ਰਸ਼ਨ ਪੱਤਰ ਵਿਚੋਂ ਤਿੰਨ ਪ੍ਰਸ਼ਨ ਗਾਇਬ ਹੋਣਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਅਣਗਹਿਲੀ - ਅਧਿਆਪਕ ਜਥੇਬੰਦੀਆਂ

ਸੰਗਰੂਰ, 20 ਫਰਵਰੀ (ਧੀਰਜ ਪਸੋਰੀਆ) - ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਅੱਠਵੀਂ ਦੀ ਵਿਗਿਆਨ ਵਿਸ਼ੇ ਦੀ ਸਲਾਨਾ ਪ੍ਰੀਖਿਆ ਦੇ ਰਹੇ ਵਿਦਿਆਰਥੀ ਅਤੇ ਪ੍ਰੀਖਿਆ ਲੈ ਰਹੇ ਨਿਗਰਾਨ ਤੇ ਸੁਪਰਡੈਂਟ ਅੱਜ ਉਸ ਸਮੇਂ ਹੈਰਾਨ-ਪ੍ਰੇਸ਼ਾਨ ਹੋ ਗਏ ਜਦੋਂ ਉਨ੍ਹਾਂ ਨੇ ਪ੍ਰਸ਼ਨ ਪੱਤਰ ਦੇ ਪੰਜਾਬੀ ਵਰਜ਼ਨ ਵਿਚ ਲੜੀ ਨੰਬਰ 28,29 ਅਤੇ 30 ਨੰਬਰ ਪ੍ਰਸ਼ਨ ਗਾਇਬ ਦੇਖੇ। ਇਸ ਤਰ੍ਹਾਂ ਪੰਜਾਬੀ ਵਿਚ 80 ਨੰਬਰਾਂ ਦੀ ਬਜਾਏ 65 ਨੰਬਰਾਂ ਦਾ ਪ੍ਰਸ਼ਨ ਪੱਤਰ ਹੀ ਛਾਪਿਆ ਗਿਆ।ਜ਼ਿਕਰਯੋਗ ਹੈ ਕਿ ਇਹ ਪ੍ਰਸ਼ਨ ਪੱਤਰ ਤਿੰਨ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਤਿੰਨੇ ਭਾਸ਼ਾਵਾਂ ਵਿਚ ਆਉਂਦਾ ਹੈ।
ਹਿੰਦੀ ਅਤੇ ਅੰਗਰੇਜ਼ੀ ਵਰਜ਼ਨ ਸਹੀ ਸੀ ਜਦਕਿ ਪੰਜਾਬੀ ਵਿਚ ਉਕਤ ਅਨੁਸਾਰ ਗੜਬੜ ਸੀ ਜੋ ਕਿ ਵਿਦਿਆਰਥੀਆਂ ਅਤੇ ਪੇਪਰ ਲੈਣ ਵਾਲੇ ਅਧਿਆਪਕਾਂ ਲਈ ਬੈਚੇਨੀ,ਉਲਝਣਤਾਣੀ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣਿਆ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੰਗਰੂਰ ਇਕਾਈ ਦੇ ਆਗੂਆਂ ਦਾਤਾ ਸਿੰਘ ਨਮੋਲ ਅਤੇ ਹਰਭਗਵਾਨ ਗੁਰਨੇ, ਗੌਰਮੈਂਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ ਅਤੇ ਸੀਨੀਅਰ ਆਗੂ ਸਤਵੰਤ ਸਿੰਘ ਆਲਮਪੁਰ, ਅਧਿਆਪਕ ਦਲ ਦੇ ਸੂਬਾ ਪ੍ਰਧਾਨ ਗੁਰਜੰਤ ਸਿੰਘ ਵਾਲੀਆ ਅਤੇ ਬਰਿੰਦਰਜੀਤ ਸਿੰਘ ਬਜਾਜ, ਡੀਟੀਐਫ ਦੇ ਸੂਬਾਈ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿੱਲ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬੋਰਡ ਦੀ ਗੰਭੀਰ ਗਲਤੀ ਹੈ ਅਤੇ ਇਹ ਦਰਸਾਉਂਦਾ ਹੈ ਕਿ ਬੋਰਡ ਪ੍ਰੀਖਿਆਵਾਂ ਪ੍ਰਤੀ ਕਿੰਨਾ ਕੁ ਸੁਹਿਰਦ ਹੈ। ਆਗੂਆਂ ਨੇ ਕਿਹਾ ਕਿ ਪ੍ਰਸ਼ਨ ਪੱਤਰਾਂ ਵਿਚ ਇੰਨੀ ਵੱਡੀ ਅਣਗਹਿਲੀ ਬਰਦਾਸ਼ਤ ਯੋਗ ਨਹੀਂ ਹੈ ਅਤੇ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰੇ ਤਾਂ ਕਿ ਬੋਰਡ ਦੀਆਂ ਪ੍ਰੀਖਿਆਵਾਂ ਦਾ ਮਿਆਰ ਕਾਇਮ ਰਹਿ ਸਕੇ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਵਿਚ 15 ਨੰਬਰਾਂ ਦੇ ਗਰੇਸ ਅੰਕ ਦਿੱਤੇ ਜਾਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ