JALANDHAR WEATHER

ਪੰਜਾਬ ਸਰਕਾਰ ਵਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮਗਲਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ

ਗੁਰੂਹਰਸਹਾਏ, (ਫ਼ਿਰੋਜ਼ਪੁਰ), 11 ਮਾਰਚ (ਕਪਿਲ ਕੰਧਾਰੀ)- ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਦੂਜੇ ਪੜਾਅ ਤਹਿਤ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆ ਹਨ। ਇਸੇ ਕੜੀ ਦੇ ਤਹਿਤ ਪ੍ਰਸ਼ਾਸਨ ਨੇ ਇਕ ਹੋਰ ਨਸ਼ਾ ਸਮਗਲਰ ਦੇ ਘਰ ’ਤੇ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾ ਦਿੱਤਾ ਅਤੇ ਅੱਜ ਪਿੰਡ ਛਾਂਗਾ ਰਾਏ ਹਿਠਾੜ ਵਿਚ ਰਹਿੰਦੇ ਕਥਿਤ ਨਸ਼ਾ ਸਮਗਲਰ ਹਰਜਿੰਦਰ ਸਿੰਘ ਪੁੱਤਰ ਬੱਗਾ ਸਿੰਘ ਦੇ ਘਰ ਨੂੰ ਢਾਹੁਣ ਦੀ ਕਾਰਵਾਈ ਐਸ.ਪੀ.ਡੀ. ਮਨਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ।

ਇਸ ਦੌਰਾਨ ਸਬ ਡਵੀਜ਼ਨ ਗੁਰੂ ਹਰ ਸਹਾਏ ਦੇ ਡੀ.ਐਸ.ਪੀ. ਰਾਜਵੀਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਥਾਣਾ ਲੱਖੋ ਕੇ ਬਹਿਰਾਮ ਦੇ ਥਾਣਾ ਮੁਖੀ ਭਾਰੀ ਪੁਲਿਸ ਫੋਰਸ ਦੇ ਨਾਲ ਮੌਕੇ ’ਤੇ ਮੌਜੂਦ ਰਹੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਪੀ. ਡੀ. ਮਨਜੀਤ ਸਿੰਘ ਅਤੇ ਡੀ.ਐਸ.ਪੀ. ਰਾਜਵੀਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਬੱਗਾ ਸਿੰਘ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰਦਾ ਸੀ ਅਤੇ ਉਸ ਦੇ ਖ਼ਿਲਾਫ਼ ਪਹਿਲਾਂ ਵੀ 5 ਦੇ ਕਰੀਬ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਨੇ ਨਸ਼ੇ ਦੀ ਕਮਾਈ ਨਾਲ ਸਰਕਾਰੀ ਜਗ੍ਹਾ ਉੱਪਰ ਗੈਰਕਾਨੂੰਨੀ ਤੌਰ ’ਤੇ ਇਹ ਘਰ ਤਿਆਰ ਕੀਤਾ ਹੋਇਆ ਸੀ। ਪ੍ਰਸ਼ਾਸਨ ਵਲੋਂ ਲੋੜੀਂਦੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਅੱਜ ਇਹ ਕਾਰਵਾਈ ਕੀਤੀ ਗਈ ਹੈ।

ਉਧਰ ਦੂਜੇ ਪਾਸੇ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਉਠਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਇਹ ਘਰ ਲਗਭਗ 20 ਸਾਲ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਬਣਾਇਆ ਗਿਆ ਸੀ ਅਤੇ ਇਸ ਦਾ ਨਸ਼ੇ ਦੀ ਕਮਾਈ ਨਾਲ ਕੋਈ ਸੰਬੰਧ ਨਹੀਂ ਹੈ।
ਫਿਲਹਾਲ ਇਸ ਕਾਰਵਾਈ ਨੂੰ ਲੈ ਕੇ ਇਲਾਕੇ ਵਿਚ ਚਰਚਾ ਜਾਰੀ ਹੈ ਅਤੇ ਲੋਕਾਂ ਦੀ ਨਜ਼ਰ ਹੁਣ ਅਗਲੀ ਪ੍ਰਸ਼ਾਸਕੀ ਕਾਰਵਾਈ ’ਤੇ ਟਿਕੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ