ਚੰਡੀਗੜ੍ਹ ਤੋਂ ਲਿਆ ਕੇ ਮੁਹਾਲੀ ’ਚ ਸਸਤੀ ਸ਼ਰਾਬ ਵੇਚਣ ਵਾਲੇ 2 ਮੁਲਜ਼ਮ ਕਾਬੂ
ਐੱਸ. ਏ. ਐੱਸ. ਨਗਰ, 13 ਮਈ (ਕਪਿਲ ਵਧਵਾ)- ਥਾਣਾ ਫ਼ੇਜ਼-11 ਦੀ ਪੁਲਿਸ ਵਲੋਂ 500 ਪਊਏ ਦੇਸੀ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਾਰਵਾਈ ਇੰਸਪੈਕਟਰ ਆਬਕਾਰੀ ਗੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਸਤੇ ਰੇਟਾਂ ’ਤੇ ਵੇਚਣ ਦਾ ਕੰਮ ਕਰਦੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਵਲੋਂ ਮੰਡੀ ਬੋਰਡ ਦੀਆਂ ਲਾਈਟਾਂ ਨੇੜੇ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲ ਮੌਜੂਦ ਕਾਲੇ ਪੋਲੀਥੀਨ ਵਿਚੋਂ ਟੈਂਗੋ ਮਾਰਕਾ ਸੰਤਰਾ ਦੇਸੀ ਸ਼ਰਾਬ ਬਰਾਮਦ ਹੋਈ। ਬਰਾਮਦ ਸ਼ਰਾਬ ਦੀ ਗਿਣਤੀ ਕਰਨ ’ਤੇ 180 ਮਿਲੀਲੀਟਰ ਵਾਲੇ ਕੁੱਲ 500 ਪਊਏ ਪਾਏ ਗਏ। ਪੁਲਿਸ ਵਲੋਂ ਇਸ ਮਾਮਲੇ ਵਿਚ ਰਘਬੀਰ ਕੁਮਾਰ ਵਾਸੀ ਪਿੰਡ ਫੈਦਾ ਨਿਜ਼ਾਮਪੁਰ, ਸੈਕਟਰ-49 ਅਤੇ ਸੌਰਵ ਕੁਮਾਰ ਵਾਸੀ ਸੈਕਟਰ-31 ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
;
;
;
;
;
;
;
;
;