ਪਾਕਿ 'ਚ ਹੋਏ ਧਮਾਕੇ ਕਾਰਨ ਆਈ.ਐੱਸ.ਆਈ. ਦੇ ਸੀਨੀਅਰ ਅਧਿਕਾਰੀ ਸਮੇਤ 10 ਦੀ ਮੌਤ
ਅੰਮਿ੍ਤਸਰ, 12 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ 'ਚ ਪਿਛਲੇ 48 ਘੰਟਿਆਂ 'ਚ ਦੂਜਾ ਵੱਡਾ ਸ਼ਕਤੀਸ਼ਾਲੀ ਧਮਾਕਾ ਹੋਇਆ ਹੈ | ਅੱਜ ਸੂਬੇ ਦੇ ਲੱਕੀ ਮਰਵਾਤ ਜ਼ਿਲ੍ਹੇ ਦੀ ਸਰਾਏ ਨੌਰੰਗ ਤਹਿਸੀਲ 'ਚ ਹੋਏ ਬੰਬ ਧਮਾਕੇ 'ਚ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਸੀਨੀਅਰ ਅਧਿਕਾਰੀ ਅਤੇ ਦੋ ਪੁਲਿਸ ਅਧਿਕਾਰੀਆਂ ਆਦਿਲ ਜਾਨ ਅਤੇ ਰਹਿਤਉੱਲਾ ਸਮੇਤ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ | ਪੁਲਿਸ ਦੇ ਅਨੁਸਾਰ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਵਿਸਫੋਟਕਾਂ ਨਾਲ ਭਰਿਆ ਇਕ ਲੋਡਰ ਰਿਕਸ਼ਾ ਫਟ ਗਿਆ | ਧਮਾਕੇ ਤੋਂ ਤੁਰੰਤ ਬਾਅਦ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਡਾਕਟਰੀ ਇਲਾਜ ਲਈ ਨੌਰੰਗ ਹਸਪਤਾਲ ਭੇਜ ਦਿੱਤਾ ਗਿਆ | ਹਸਪਤਾਲ ਦੇ ਪ੍ਰਬੰਧਕਾਂ ਮੁਤਾਬਿਕ ਜ਼ਿਆਦਾਤਰ ਜ਼ਖਮੀਆਂ ਦੀ ਹਾਲਤ ਗੰਭੀਰ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਅਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਦੇ ਕਰਮਚਾਰੀ ਧਮਾਕੇ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਗਏ ਅਤੇ ਸਬੂਤ ਇਕੱਠੇ ਕਰਨ ਅਤੇ ਜਾਂਚ ਸ਼ੁਰੂ ਕਰਨ ਲਈ ਇਲਾਕੇ ਨੂੰ ਘੇਰ ਲਿਆ | ਇਸ ਤੋਂ ਪਹਿਲਾਂ ਪਾਕਿ ਦੇ ਵਿਦੇਸ਼ ਦਫ਼ਤਰ ਨੇ ਇਸਲਾਮਾਬਾਦ ਸਥਿਤ ਅਫ਼ਗਾਨ ਚਾਰਜ ਡੀ ਅਫੇਅਰਜ਼ ਨੂੰ ਤਲਬ ਕੀਤਾ ਅਤੇ ਬੀਤੇ ਦਿਨ ਬੰਨੂ ਸ਼ਹਿਰ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅਫ਼ਗਾਨ ਤਾਲਿਬਾਨ ਸ਼ਾਸਨ ਖ਼ਿਲਾਫ਼ ਸਖ਼ਤ ਇਤਰਾਜ਼ ਜਤਾਇਆ |
;
;
;
;
;
;
;
;
;