JALANDHAR WEATHER

ਮਾਮੂਲੀ ਟਕਰਾਰ ਤੋਂ ਬਾਅਦ ਹੋਈ ਠਾਹ-ਠਾਹ

ਜਗਰਾਉ, 12 ਮਈ-(ਕੁਲਦੀਪ ਸਿੰਘ ਲੋਹਟ)-ਕਸਬਾ ਹਠੂਰ 'ਚ ਅੱਜ ਦੇਰ ਰਾਤ ਇੱਕ ਛੋਟੀ ਜਿਹੀ ਤਕਰਾਰ ਉਸ ਵੇਲੇ ਖੂਨੀ ਝਗੜੇ 'ਚ ਤਬਦੀਲ ਹੋ ਗਈ ਜਦੋਂ ਟਰੈਕਟਰ ਟਰਾਲੀ ਦੀ ਐਕਟਿਵਾ ਨਾਲ ਹੋਈ ਟੱਕਰ ਤੋਂ ਬਾਅਦ ਗੋਲੀ ਚੱਲ ਗਈ। ਗੋਲੀ ਲੱਗਣ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਜਗਰਾਉਂ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।ਮਿਲੀ ਜਾਣਕਾਰੀ ਅਨੁਸਾਰ ਪਿੰਡ ਹਠੂਰ ਦੀ ਰਾਈਆਂ ਪੱਤੀ ਵਾਸੀ ਰਣਧੀਰ ਸਿੰਘ ਰਾਤ ਸਮੇਂ ਆਪਣਾ ਟਰੈਕਟਰ ਟਰਾਲੀ ਲੈ ਕੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਤੰਗ ਗਲੀ ਵਿੱਚੋਂ ਲੰਘ ਰਿਹਾ ਸੀ ਤਾਂ ਗਲੀ ਵਿਚ ਇੱਕ ਘਰ ਦੇ ਬਾਹਰ ਖੜੀ ਐਕਟਿਵਾ ਨਾਲ ਟਰਾਲੀ ਦੀ ਹਲਕੀ ਟੱਕਰ ਹੋ ਗਈ, ਜਿਸ ਕਾਰਨ ਐਕਟਿਵਾ ਸੜਕ ‘ਤੇ ਡਿੱਗ ਪਈ।ਐਕਟਿਵਾ ਡਿੱਗਣ ਦੀ ਆਵਾਜ਼ ਸੁਣ ਕੇ ਘਰ ਅੰਦਰੋਂ ਇੱਕ ਔਰਤ ਅਤੇ ਉਸ ਦੀ ਧੀ ਬਾਹਰ ਆ ਗਈਆਂ ਅਤੇ ਇਸ ਗੱਲ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਗਈ। ਕੁਝ ਹੀ ਪਲਾਂ ਵਿਚ ਘਰ ਦਾ ਇੱਕ ਨੌਜਵਾਨ ਵੀ ਬਾਹਰ ਆ ਗਿਆ ਅਤੇ ਮਾਮਲਾ ਤਿੱਖੇ ਝਗੜੇ ਵਿਚ ਬਦਲ ਗਿਆ।ਰਣਧੀਰ ਸਿੰਘ ਨੇ ਦੱਸਿਆ ਕਿ ਰੌਲਾ ਸੁਣ ਕੇ ਉਸਦੇ ਦੋਵੇਂ ਪੁੱਤਰ ਵੀ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਗਲੀ ਵਿਚ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਅਤੇ ਮੌਜੂਦ ਲੋਕ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਇਸੇ ਦੌਰਾਨ ਹੀ ਉਕਤ ਘਰ ਵਿਚੋਂ ਆਏ ਨੌਜਵਾਨ ਨੇ ਅਚਾਨਕ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਰਣਧੀਰ ਸਿੰਘ ਦੇ 23 ਸਾਲਾ ਪੁੱਤਰ ਜਸਪ੍ਰੀਤ ਸਿੰਘ ‘ਤੇ ਫਾਇਰ ਕਰ ਦਿੱਤਾ। ਗੋਲੀ ਜਸਪ੍ਰੀਤ ਸਿੰਘ ਦੇ ਪੱਟ ਵਿਚ ਲੱਗੀ, ਜਿਸ ਨਾਲ ਉਹ ਖੂਨ ਨਾਲ ਲਥਪਥ ਹੋ ਕੇ ਮੌਕੇ ‘ਤੇ ਹੀ ਡਿੱਗ ਪਿਆ। ਗੋਲੀ ਚੱਲਣ ਨਾਲ ਮੌਕੇ ‘ਤੇ ਹੜਕੰਪ ਮਚ ਗਿਆ ਅਤੇ ਇਕੱਠੇ ਹੋਏ ਲੋਕਾਂ ਵਿਚ ਭਾਜੜ ਪੈ ਗਈ। ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਦੀ ਮਦਦ ਨਾਲ ਜਖ਼ਮੀ ਨੌਜਵਾਨ ਨੂੰ ਤੁਰੰਤ ਐਂਬੂਲੈਂਸ ਰਾਹੀਂ ਜਗਰਾਉਂ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਠੂਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਗੋਲੀ ਚਲਾਉਣ ਦੇ ਦੋਸ਼ੀ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਹਠੂਰ ਦੇ ਮੁਨਸੀ ਕੁਲਵੰਤ ਸਿੰਘ ਨੇ ਆਖਿਆ ਕਿ ਥਾਣਾ ਮੁਖੀ ਕੁਲਦੀਪ ਕੁਮਾਰ ਮੌਕੇ 'ਤੇ ਪਹੁੰਚ ਗਏ ਸਨ ਤੇ ਇਸ ਸਬੰਧੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ