ਬੇਕਾਬੂ ਹੋਏ ਟਰਾਲੇ ਨੇ ਮਜ਼ਦੂਰਾਂ ਦੇ ਸ਼ੈੱਡ ਨੂੰ ਆਪਣੀ ਲਪੇਟ ਵਿਚ ਲਿਆ, 2 ਦੀ ਮੌਤ, ਇਕ ਜ਼ਖਮੀ
ਮਲੋਟ, 14 ਮਈ (ਪਾਟਿਲ)- ਮਲੋਟ ਵਿਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਰਾਸ਼ਟਰੀ ਰਾਜ ਮਾਰਗ 'ਤੇ ਬਣੇ ਰੇਲਵੇ ਓਵਰ ਬ੍ਰਿਜ 'ਤੇ ਡੱਬਵਾਲੀ (ਹਰਿਆਣਾ) ਵਾਲੇ ਪਾਸਿਓਂ ਆ ਰਹੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਕਹਿਰ ਮਚਾਉਂਦਿਆਂ ਸੜਕ ਕਿਨਾਰੇ ਬਣੇ ਮਜ਼ਦੂਰਾਂ ਦੇ ਸ਼ੈੱਡ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦਰਦਨਾਕ ਹਾਦਸੇ ਵਿਚ ਦੋ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਪ੍ਰਤੱਖ ਦਰਸ਼ੀਆਂ ਮੁਤਾਬਕ, ਇਹ ਟਰਾਲਾ ਫਾਟਕ ਪਾਰ ਖੇਤਰ ਵਿਚ ਟ੍ਰੈਫਿਕ ਲਾਈਟਾਂ ਕੋਲ ਕਿਸੇ ਹੋਰ ਵਾਹਨ ਨੂੰ ਫੇਟ ਮਾਰ ਕੇ ਭੱਜ ਰਿਹਾ ਸੀ। ਪਿੱਛੇ ਲੱਗੇ ਲੋਕਾਂ ਦੀ ਪਕੜ ਵਿਚ ਆਉਣ ਦੇ ਡਰੋਂ ਚਾਲਕ ਨੇ ਟਰਾਲੇ ਦੀ ਰਫ਼ਤਾਰ ਬਹੁਤ ਤੇਜ਼ ਕਰ ਦਿੱਤੀ ਸੀ। ਜਿਵੇਂ ਹੀ ਟਰਾਲਾ ਰੇਲਵੇ ਓਵਰ ਬ੍ਰਿਜ ਤੋਂ ਸ਼ਹਿਰ ਵਲ ਉਤਰਨ ਲੱਗਾ, ਤਾਂ ਸੰਤੁਲਨ ਵਿਗੜਨ ਕਾਰਨ ਬੇਕਾਬੂ ਹੋ ਕੇ ਸਿੱਧਾ ਮਜ਼ਦੂਰਾਂ ਦੇ ਸ਼ੈੱਡ ਵਿਚ ਜਾ ਵੜਿਆ।
ਸ਼ੈੱਡ ਹੇਠਾਂ ਬੈਠੇ ਮਜ਼ਦੂਰਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ। ਟਰਾਲੇ ਨੇ ਤਿੰਨ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਹਾਦਸੇ ਵਿਚ ਦੋ ਮਜ਼ਦੂਰਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਤੀਜੇ ਮਜ਼ਦੂਰ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
;
;
;
;
;
;