JALANDHAR WEATHER

ਭਾਰਤ ਦੇ ਪਹਿਲੇ ਏਸ਼ੀਅਨ ਖੇਡਾਂ ਦੇ ਸੋਨ ਤਗਮਾ ਜੇਤੂ ਰਣਧੀਰ ਸਿੰਘ ਦਾ ਦਿਹਾਂਤ

ਚੰਡੀਗੜ੍ਹ, 27 ਮਈ- ਏਸ਼ੀਆਈ ਖੇਡਾਂ ਵਿਚ ਸ਼ੂਟਿੰਗ ਵਿਚ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤਣ ਵਾਲੇ ਨਿਸ਼ਾਨੇਬਾਜ਼ ਰਣਧੀਰ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਉਮਰ ਨਾਲ ਸੰਬੰਧਿਤ ਬਿਮਾਰੀਆਂ ਨਾਲ ਜੂਝ ਰਹੇ ਸਨ।

ਸਾਬਕਾ ਨਿਸ਼ਾਨੇਬਾਜ਼ ਰਣਧੀਰ ਨੇ ਹਾਲ ਹੀ ਵਿਚ ਸਿਹਤ ਕਾਰਨਾਂ ਕਰਕੇ ਉਲੰਪਿਕ ਕੌਂਸਲ ਆਫ਼ ਏਸ਼ੀਆ (OCA) ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਉਹ 2024 ਤੋਂ ਚਾਰ ਸਾਲਾਂ ਦੇ ਕਾਰਜਕਾਲ ਲਈ ਚੁਣੇ ਗਏ ਸਨ। ਰਣਧੀਰ ਨੇ 1978 ਬੈਂਕਾਕ ਏਸ਼ੀਆਈ ਖੇਡਾਂ ਵਿਚ ਟ੍ਰੈਪ ਸ਼ੂਟਿੰਗ ਈਵੈਂਟ ਵਿਚ ਸੋਨ ਤਗਮਾ ਜਿੱਤਿਆ ਸੀ। ਉਸ ਨੇ 1982 ਵਿਚ ਭਾਰਤ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਕਾਂਸੀ ਅਤੇ 1986 ਵਿਚ ਚਾਂਦੀ ਦਾ ਤਗਮਾ ਵੀ ਜਿੱਤਿਆ ਸੀ।

ਰਣਧੀਰ ਨੇ ਭਾਰਤ ਲਈ ਪੰਜ ਉਲੰਪਿਕ ਖੇਡਾਂ ਅਤੇ 1978 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲਿਆ। ਉਸ ਨੂੰ 1979 ਵਿਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਰਣਧੀਰ ਦੇ ਪਿੱਛੇ ਉਨ੍ਹਾਂ ਦੀ ਪਤਨੀ ਵਿਨੀਤਾ ਅਤੇ ਤਿੰਨ ਧੀਆਂ (ਮਹਿਮਾ, ਸੁਨੈਨਾ ਅਤੇ ਰਾਜੇਸ਼ਵਰੀ) ਹਨ। ਉਨ੍ਹਾਂ ਦੀ ਧੀ ਰਾਜੇਸ਼ਵਰੀ, ਅੰਤਰਰਾਸ਼ਟਰੀ ਪੱਧਰ 'ਤੇ ਟ੍ਰੈਪ ਸ਼ੂਟਿੰਗ ਦਾ ਅਭਿਆਸ ਕਰਦੀ ਹੈ। ਰਾਜੇਸ਼ਵਰੀ ਨੇ 2022 ਦੀਆਂ ਏਸ਼ੀਆਈ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਰਣਧੀਰ ਦੇ ਪਰਿਵਾਰ ਦੇ ਕਈ ਮੈਂਬਰ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਨੇ ਭਾਰਤ ਲਈ ਟੈਸਟ ਕ੍ਰਿਕਟ ਖੇਡਿਆ ਸੀ ਅਤੇ ਆਈ.ਓ.ਸੀ. ਦੇ ਮੈਂਬਰ ਸਨ। ਰਣਧੀਰ ਦੇ ਪਿਤਾ ਭਾਲਿੰਦਰਾ ਸਿੰਘ ਵੀ ਇਕ ਪਹਿਲੀ ਸ਼੍ਰੇਣੀ ਦੇ ਕ੍ਰਿਕਟਰ ਅਤੇ 1947 ਤੋਂ 1992 ਤੱਕ ਆਈ.ਓ.ਸੀ. ਮੈਂਬਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ