ਘਰ ਵਿਚ ਸਿਲੰਡਰ ਫਟਣ ਕਾਰਨ ਇਕ ਵਿਅਕਤੀ ਦੀ ਮੌਤ
ਕਪੂਰਥਲਾ, 27 ਮਈ (ਅਮਨਜੋਤ ਸਿੰਘ ਵਾਲੀਆ)- ਆਰ.ਸੀ.ਐਫ. ਨੇੜੇ ਊਧਮ ਸਿੰਘ ਨਗਰ ਵਿਖੇ ਇਕ ਘਰ ਵਿਚ ਅਚਾਨਕ ਸਿਲੰਡਰ ਫਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਵਿਅਕਤੀ ਦੇ ਪਰਿਵਾਰਕ ਮੈਂਬਰ ਜਸਪਾਲ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ (50) ਪੁੱਤਰ ਅਮਰੀਕ ਸਿੰਘ ਵਾਸੀ ਊਧਮ ਸਿੰਘ ਨਗਰ ਨੇੜੇ ਆਰ.ਸੀ.ਐਫ. ਘਰ ਵਿਚ ਇਕੱਲਾ ਸੀ ਤਾਂ ਅਚਾਨਕ ਘਰ ਵਿਚ ਅੱਗ ਲੱਗ ਗਈ। ਜਿਸਦੀ ਸੂਚਨਾ ਗੁਆਂਢੀਆਂ ਵਲੋਂ ਫਾਇਰਬਿ੍ਗੇਡ ਤੇ ਪੁਲਿਸ ਨੂੰ ਦਿੱਤੀ ਗਈ। ਜਿਸ 'ਤੇ ਸਵੇਰੇ 11 ਵਜੇ ਦੇ ਕਰੀਬ ਫਾਇਰਬਿ੍ਗੇਡ ਕਪੂਰਥਲਾ ਦੀ ਟੀਮ ਮੌਕੇ 'ਤੇ ਪਹੁੰਚੀ।
ਫਾਇਰਮੈਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ਜ਼ਿਆਦਾ ਹੋਣ ਕਾਰਨ ਦੋ ਗੱਡੀਆਂ ਦੀ ਮਦਦ ਨਾਲ ਬੜੀ ਜੱਦੋਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਅੱਗ ਦੌਰਾਨ ਘਰ ਦੀ ਰਸੋਈ ਲੌਬੀ ਆਦਿ ਦਾ ਕਾਫ਼ੀ ਸਮਾਨ ਸੜ ਗਿਆ ਸੀ ਤੇ ਘਰ ਵਿਚ ਇਕ ਕੰਧ ਵੀ ਡਿੱਗੀ ਹੋਈ ਸੀ। ਇਸ ਸਬੰਧੀ ਡੀ.ਐਸ.ਪੀ. ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਮਕਾਨ ਮਾਲਕ ਵਲੋਂ ਘਰ ਨਵਾਂ ਬਣਾਇਆ ਗਿਆ ਸੀ ਤੇ ਕੁੱਝ ਦਿਨ ਪਹਿਲਾਂ ਹੀ ਸਮਾਨ ਸ਼ਿਫ਼ਟ ਕੀਤਾ ਗਿਆ ਸੀ, ਇਸ ਦੌਰਾਨ ਘਰ ਵਿਚ ਦੋ ਸਿਲੰਡਰ ਪਏ ਸਨ ਜਿਸਨੂੰ ਅਚਾਨਕ ਅੱਗ ਲੱਗ ਗਈ ਤੇ ਬਾਅਦ ਵਿਚ ਸਿਲੰਡਰ ਫਟਣ ਕਾਰਨ ਘਰ ਵਿਚ ਜ਼ਬਰਦਸਤ ਬਲਾਸਟ ਹੋਇਆ ਜਿਸ ਕਾਰਨ ਘਰ ਦੀਆਂ ਕੰਧਾਂ ਵੀ ਟੁੱਟ ਗਈਆਂ।
ਇਸ ਹਾਦਸੇ ਵਿਚ ਇਕ ਵਿਅਕਤੀ ਦੀ ਸੜ ਕੇ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;
;