JALANDHAR WEATHER

ਜਥੇਦਾਰ ਗੜਗੱਜ ਵਲੋਂ ਅਧਿਆਪਕ ਜਗਦੀਪ ਸਿੰਘ ਦੇ ਦਿਨ ਦਿਹਾੜੇ ਕੀਤੇ ਗਏ ਕਤਲ ਦੀ ਨਿੰਦਾ

ਅੰਮ੍ਰਿਤਸਰ, 2 ਜੂਨ 2026 (ਜਸਵੰਤ ਸਿੰਘ ਜੱਸ)- ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿਚ ਤਲਵੰਡੀ ਮਾਣਕ ਪਿੰਡ ਦੇ ਵਾਸੀ ਅਧਿਆਪਕ ਸ. ਜਗਦੀਪ ਸਿੰਘ ਦੇ ਦਿਨ ਦਿਹਾੜੇ ਕੀਤੇ ਗਏ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਜਗਦੀਪ ਸਿੰਘ ਇਕ ਹੋਣਹਾਰ ਗੁਰਸਿੱਖ ਸੀ ਜੋ ਸਰਕਾਰੀ ਸਕੂਲ ਵਿਚ ਅਧਿਆਪਕ ਦੀਆਂ ਸੇਵਾਵਾਂ ਨਿਭਾਅ ਰਿਹਾ ਸੀ। ਉਨ੍ਹਾਂ ਕਿਹਾ ਕਿ ਸ. ਜਗਦੀਪ ਸਿੰਘ ਸਕੂਲ ਵਿਚ ਉਨ੍ਹਾਂ ਦੇ ਨਾਲ ਪੜ੍ਹਦਾ ਰਿਹਾ ਹੈ ਅਤੇ ਉਹ ਬਹੁਤ ਹੀ ਲਿਆਕਤ ਵਾਲੀ ਸਖ਼ਸ਼ੀਅਤ ਸੀ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਦਾ ਇਸ ਤਰ੍ਹਾਂ ਜਾਣਾ ਪੰਜਾਬ ਅਤੇ ਪੰਥ ਲਈ ਵੱਡਾ ਘਾਟਾ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇਸ ਤਰ੍ਹਾਂ ਪੰਜਾਬ ਦੇ ਹੋਣਹਾਰ ਨੌਜਵਾਨ ਸੂਬੇ ਅੰਦਰ ਅਪਰਾਧ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਬਿਨਾਂ ਦੇਰੀ ਸ. ਜਗਦੀਪ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨਾਲ ਇਨਸਾਫ਼ ਕਰੇ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਵਲੋਂ ਸ. ਜਗਦੀਪ ਸਿੰਘ ਦੇ ਮਾਮਲੇ ਵਿਚ ਜਾਂਚ ਵਿਚ ਬਹੁਤ ਢਿੱਲਾਪਣ ਵਰਤਿਆ ਜਾ ਰਿਹਾ ਹੈ, ਜਿਸ ਕਰਕੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੁਰੰਤ ਪ੍ਰਭਾਵ ਨਾਲ ਇਲਾਕੇ ਵਿਚ ਵਿਚਰ ਰਹੇ ਅਪਰਾਧਿਕ ਅਨਸਰਾਂ ਨੂੰ ਨੱਥ ਪਾਵੇ ਅਤੇ ਆਮ ਲੋਕਾਂ ਦੀ ਜਾਨ ਮਾਲ ਨੂੰ ਯਕੀਨੀ ਬਣਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ