JALANDHAR WEATHER

ਚੰਡੀਗੜ੍ਹ 'ਚ ‘ਡਿਜ਼ੀਟਲ ਅਰੇਸਟ’ ਦੇ ਨਾਂਅ ’ਤੇ 2.15 ਕਰੋੜ ਦੀ ਸਾਈਬਰ ਠੱਗੀ

ਚੰਡੀਗੜ੍ਹ, 3 ਜੂਨ (ਕਪਿਲ ਵਧਵਾ) - ਚੰਡੀਗੜ੍ਹ ਦੇ ਸੈਕਟਰ-47 ਵਿਚ ਰਹਿੰਦੇ ਇਕ ਬਜ਼ੁਰਗ ਜੋੜੇ ਨਾਲ ‘ਡਿਜੀਟਲ ਅਰੇਸਟ’ ਦੇ ਨਾਂਅ ’ਤੇ 2 ਕਰੋੜ 15 ਲੱਖ 50 ਹਜ਼ਾਰ ਰੁਪਏ ਦੀ ਸਾਈਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਠੱਗਾਂ ਨੇ ਆਪਣੇ ਆਪ ਨੂੰ ਸੀ.ਬੀ.ਆਈ. ਅਧਿਕਾਰੀ ਦੱਸ ਕੇ ਜੋੜੇ ਨੂੰ 15 ਦਿਨਾਂ ਤੱਕ ਮਾਨਸਿਕ ਦਬਾਅ ਹੇਠ ਰੱਖਿਆ ਅਤੇ ਗ੍ਰਿਫ਼ਤਾਰੀ ਤੇ ਕਾਨੂੰਨੀ ਕਾਰਵਾਈ ਦਾ ਡਰ ਦਿਖਾ ਕੇ ਕਰੋੜਾਂ ਰੁਪਏ ਹੜਪ ਲਏ।

ਸਾਈਬਰ ਥਾਣਾ ਪੁਲਿਸ ਅਨੁਸਾਰ ਬੈਂਕ ਤੋਂ ਸੇਵਾਮੁਕਤ ਬਜ਼ੁਰਗ ਨੂੰ ਕਰੀਬ 15 ਦਿਨ ਪਹਿਲਾਂ ਇਕ ਫ਼ੋਨ ਕਾਲ ਪ੍ਰਾਪਤ ਹੋਈ। ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਮੁੰਬਈ ਦਾ ਸੀ.ਬੀ.ਆਈ. ਅਧਿਕਾਰੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਬੈਂਕ ਖਾਤੇ ਦੀ ਵਰਤੋਂ ਨਸ਼ਾ ਤਸਕਰੀ ਅਤੇ ਮਨੀ ਲਾਂਡਰਿੰਗ ਵਰਗੇ ਅਪਰਾਧਾਂ ਲਈ ਕੀਤੀ ਗਈ ਹੈ। ਠੱਗਾਂ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ।

ਮੁਲਜ਼ਮਾਂ ਨੇ ਬਜ਼ੁਰਗ ਜੋੜੇ ਨੂੰ ਸਖ਼ਤ ਹਦਾਇਤ ਦਿੱਤੀ ਕਿ ਇਸ ਮਾਮਲੇ ਦੀ ਜਾਣਕਾਰੀ ਕਿਸੇ ਰਿਸ਼ਤੇਦਾਰ, ਦੋਸਤ ਜਾਂ ਗੁਆਂਢੀ ਨਾਲ ਸਾਂਝੀ ਨਾ ਕੀਤੀ ਜਾਵੇ। ਨਾਲ ਹੀ ਧਮਕੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗ੍ਰਿਫ਼ਤਾਰੀ ਦੇ ਡਰ ਕਾਰਨ ਬਜ਼ੁਰਗ ਜੋੜਾ ਪੂਰੀ ਤਰ੍ਹਾਂ ਠੱਗਾਂ ਦੇ ਝਾਂਸੇ ਵਿਚ ਆ ਗਿਆ।

ਜਾਂਚ ਤੋਂ ਬਚਾਉਣ ਦੇ ਨਾਂਅ ’ਤੇ ਠੱਗਾਂ ਨੇ ਪਹਿਲਾਂ ਘਰ ਵਿਚ ਪਈ ਨਕਦੀ ਵੱਖ-ਵੱਖ ਬੈਂਕ ਖਾਤਿਆਂ ਵਿਚ ਆਰ.ਟੀ.ਜੀ.ਐੱਸ. ਅਤੇ ਹੋਰ ਮਾਧਿਅਮਾਂ ਰਾਹੀਂ ਟਰਾਂਸਫ਼ਰ ਕਰਵਾ ਲਈ। ਇਸ ਤੋਂ ਬਾਅਦ ਬਜ਼ੁਰਗ ਜੋੜੇ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈ ਕੇ ਵੀ ਠੱਗਾਂ ਵਲੋਂ ਦੱਸੇ ਖਾਤਿਆਂ ਵਿਚ ਜਮ੍ਹਾਂ ਕਰਵਾਏ।

ਜਦੋਂ ਉਨ੍ਹਾਂ ਕੋਲ ਨਕਦੀ ਖ਼ਤਮ ਹੋ ਗਈ ਤਾਂ ਠੱਗਾਂ ਨੇ ਘਰ ਵਿਚ ਰੱਖੇ ਸੋਨੇ ਦੇ ਗਹਿਣੇ ਵੇਚਣ ਲਈ ਕਿਹਾ। ਬਜ਼ੁਰਗ ਜੋੜੇ ਨੇ ਆਪਣੇ ਗਹਿਣੇ ਵੇਚ ਕੇ ਵੀ ਵੱਡੀ ਰਕਮ ਸਾਈਬਰ ਠੱਗਾਂ ਨੂੰ ਭੇਜ ਦਿੱਤੀ। ਇਸ ਤਰ੍ਹਾਂ 15 ਦਿਨਾਂ ਦੇ ਅੰਦਰ-ਅੰਦਰ 2 ਕਰੋੜ 15 ਲੱਖ 50 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਠੱਗਾਂ ਦੇ ਖਾਤਿਆਂ ਵਿਚ ਪਹੁੰਚ ਗਈ।

ਜਾਣਕਾਰੀ ਮੁਤਾਬਕ ਬਜ਼ੁਰਗ ਜੋੜੇ ਦਾ ਪੁੱਤਰ ਨੌਕਰੀ ਦੇ ਸਿਲਸਿਲੇ ਵਿਚ ਸ਼ਹਿਰ ਤੋਂ ਬਾਹਰ ਰਹਿੰਦਾ ਹੈ, ਜਦਕਿ ਦੋਵੇਂ ਚੰਡੀਗੜ੍ਹ ਵਿਚ ਇਕੱਲੇ ਰਹਿ ਰਹੇ ਸਨ। ਠੱਗਾਂ ਨੇ ਇਸ ਸਥਿਤੀ ਦਾ ਫਾਇਦਾ ਚੁੱਕਦਿਆਂ ਲਗਾਤਾਰ ਡਰ ਅਤੇ ਮਾਨਸਿਕ ਦਬਾਅ ਬਣਾਇਆ ਅਤੇ ਕਰੋੜਾਂ ਰੁਪਏ ਦੀ ਠੱਗੀ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਸਾਈਬਰ ਠੱਗਾਂ ਦੀ ਪਛਾਣ ਅਤੇ ਰਕਮ ਦੇ ਲੈਣ-ਦੇਣ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ