ਟੋਲ ਪਲਾਜ਼ਾ ਨਿੱਜਰਪੁਰਾ ਦੀ ਮਿਆਦ ਖ਼ਤਮ, ਲੋਕ ਟੋਲ ਨਾ ਦੇਣ - ਡੈਨੀ ਬੰਡਾਲਾ
ਜੰਡਿਆਲਾ ਗੁਰੂ (ਅੰਮ੍ਰਿਤਸਰ), 3 ਜੂਨ (ਪ੍ਰਮਿੰਦਰ ਸਿੰਘ ਜੋਸਨ) - ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਅੱਜ ਟੋਲ ਪਲਾਜ਼ਾ ਨਿੱਜਰਪੁਰਾ 'ਤੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਇਸ ਟੋਲ ਪਲਾਜ਼ਾ ਦੀ ਮਿਆਦ 29 ਮਈ ਨੂੰ ਖ਼ਤਮ ਹੋ ਗਈ ਹੈ ।ਹੁਣ ਇਥੋਂ ਆਉਣ ਜਾਣ ਵਾਲੇ ਲੋਕ ਟੋਲ ਨਾ ਦੇਣ ਅਤੇ ਜੋ ਉਨ੍ਹਾਂ ਕੋਲੋਂ ਟੋਲ ਲਿਆ ਜਾ ਰਿਹਾ ਹੈ ਉਹ ਉਨ੍ਹਾਂ ਦੀ ਲੁੱਟ ਘਸੁੱਟ ਹੋ ਰਹੀ ਹੈ ਜੋ ਕਿ ਗੈਰ ਕਾਨੂੰਨੀ ਹੈ।
ਡੈਨੀ ਬੰਡਾਲਾ ਅੱਜ ਆਪਣੇ ਵੱਡੀ ਤਾਦਾਦ ਵਿਚ ਸਾਥੀਆਂ ਸਮੇਤ ਟੋਲ ਪਲਾਜ਼ਾ ਨਿੱਜਰਪੁਰਾ 'ਤੇ ਪੁੱਜੇ ਅਤੇ ਉੱਥੇ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੋਲ ਪਲਾਜ਼ਾ ਦੀ ਮਿਆਦ 29 ਮਈ 2006 ਤੋਂ ਸ਼ੁਰੂ ਹੋ ਕੇ 29 ਮਈ 2026 ਨੂੰ ਸਮਾਪਤ ਹੋ ਚੁੱਕੀ ਹੈ ਜੋ ਕਿ 20 ਸਾਲ ਸੀ ਅਤੇ ਹੁਣ ਇਥੇ ਕਿਸੇ ਦਾ ਵੀ ਟੋਲ ਲੈਣਾ ਕੋਈ ਹੱਕ ਨਹੀਂ ਹੈ । ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਪੰਜ ਸਾਲ ਬਾਅਦ ਸੜਕ ਦਾ ਰੀਸਰਵਿਸ ਹੋਣੀ ਚਾਹੀਦੀ ਹੈ, ਪਰ ਕੁਝ ਵੀ ਨਹੀਂ ਹੋਇਆ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਨ੍ਹਾਂ ਦੀ ਲੁੱਟ ਖਸੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਟੋਲ ਪਲਾਜ਼ਾ ਵਾਲਿਆਂ ਨੂੰ ਪੱਤਰ ਵੀ ਜਾਰੀ ਕੀਤਾ ਸੀ ਕਿ ਨੇੜੇ ਦੇ ਦੋ ਪੁਲਾਂ ਉੱਪਰ ਟਿਊਬ ਲਾਈਟਾਂ ਜਗਦੀਆਂ ਹੋਣੀਆਂ ਚਾਹੀਦੀਆਂ ਹਨ ਪਰ ਇਨ੍ਹਾਂ ਨੇ 15 ਕੁ ਦਿਨ ਹੀ ਜਗਾਈਆਂ ਅਤੇ ਉਹ ਫਿਰ ਬੰਦ ਹੋ ਗਈਆਂ ਅਤੇ ਉਨ੍ਹਾਂ ਸ਼ਰਤਾਂ ਤੇ ਵੀ ਅਮਲ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਹਲਕੇ ਦੇ ਵਿਧਾਇਕ ਅਤੇ ਪੀ.ਡਬਲਯੂ.ਡੀ. ਮਹਿਕਮੇ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਫਰਜ਼ ਬਣਦਾ ਸੀ ਕਿ ਉਹ ਜਿੰਮੇਵਾਰੀ ਨਾਲ ਇੱਥੇ ਆ ਕੇ ਟੋਲ ਪਲਾਜ਼ਾ ਨੂੰ ਬੰਦ ਕਰਾਉਂਦੇ ਅਤੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੰਦੇ ਕਿਉਂਕਿ ਮਹਿਕਮੇ ਪੀ.ਡਬਲਯੂ.ਡੀ. ਅਤੇ ਨੈਸ਼ਨਲ ਹਾਈਵੇ ਤਾਲਮੇਲ ਬਣਾ ਕੇ ਕੰਮ ਕਰਦੇ ਹਨ । ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਤੇ ਲੱਖਾਂ ਰੁਪਏ ਦੀ ਰੋਜ਼ ਦੀ ਕਲੈਕਸ਼ਨ ਹੋ ਰਹੀ ਹੈ ਅਤੇ ਪੰਜ ਦਿਨ ਹੋ ਗਏ ਹਨ ਮਿਆਦ ਮੁੱਕੀ ਨੂੰ ਪਰ ਕੈਬਨਿਟ ਮੰਤਰੀ ਨੇ ਟੋਲ ਪਲਾਜ਼ਾ ਨੂੰ ਬੰਦ ਕਰਨ ਲਈ ਕੁਝ ਨਹੀਂ ਕਰ ਰਹੇ।
;
;
;
;
;
;
;
;