ਪੁਲਿਸ ਵਲੋਂ ਹੈਰੋਇਨ ਤੇ ਹਥਿਆਰਾਂ ਸਮੇਤ ਇਕ ਕਾਬੂ
ਚੋਗਾਵਾਂ/ਅੰਮ੍ਰਿਤਸਰ, 4 ਜੂਨ ,(ਗੁਰਵਿੰਦਰ ਸਿੰਘ ਕਲਸੀ) - ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਡੀ.ਜੀ.ਪੀ. ਪੰਜਾਬ ਵਲੋਂ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਅਤੇ ਕਵਲਪ੍ਰੀਤ ਸਿੰਘ ਚਾਹਲ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ। ਇਸੇ ਕੜੀ ਤਹਿਤ ਡੀ.ਐਸ.ਪੀ. ਰਾਜਾਸਾਂਸੀ ਕਪਿਲ ਕੌਸ਼ਲ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਮੁਖੀ ਦਲਜੀਤ ਸਿੰਘ ਵੱਲੋਂ ਕਰੋੜਾਂ ਦੀ ਹੈਰੋਇਨ ਤੇ ਤਿੰਨ ਪਿਸਤੌਲਾਂ, ਮੈਗ਼ਜ਼ੀਨਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਥਾਣਾ ਲੋਪੋਕੇ ਦੇ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਲੋਪੋਕੇ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਦੇ ਸੰਬੰਧ ਵਿਚ ਪਿੰਡ ਭੁੱਲਰ ਨੇੜੇ ਬੰਦ ਪਏ ਇੱਟਾਂ ਵਾਲੇ ਭੱਠੇ ਕੋਲ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪਿੰਡ ਭੁੱਲਰ ਵਲੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਗੁਰਸੇਵਕ ਸਿੰਘ ਕੋਲੋਂ ਤਿੰਨ ਪਿਸਤੌਲ ਮੈਗਜ਼ੀਨ ਸਮੇਤ, 1 ਕਿਲੋ 128 ਗ੍ਰਾਮ ਹੈਰੋਇਨ, ਇਕ ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਹੋਇਆ। ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਏ ਸਨ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਗੁਰਸੇਵਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਘੱਗੇ, ਜ਼ਿਲ੍ਹਾ ਤਰਨ ਤਾਰਨ, ਹਾਲ ਵਾਸੀ ਪਾਲ ਐਵੀਨਿਊ, ਰਾਮਤੀਰਥ ਰੋਡ, ਮਾਹਲ ਖ਼ਿਲਾਫ਼ 21(ਸੀ), 61, 85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
;
;
;
;
;
;
;
;