ਜ਼ੀਰਕਪੁਰ ਵਿਚ ਆਨਲਾਈਨ ਸੱਟੇਬਾਜ਼ੀ ਅਤੇ ਠੱਗੀ ਦੇ ਵੱਡੇ ਰੈਕਟ ਦਾ ਪਰਦਾਫਾਸ਼
ਜ਼ੀਰਕਪੁਰ, 8 ਜੂਨ (ਅਲੀ)- ਜ਼ੀਰਕਪੁਰ ਪੁਲਿਸ ਨੇ ਵੀ.ਆਈ.ਪੀ. ਰੋਡ ਸਥਿਤ ਮੋਨਾ ਗ੍ਰੀਨ ਸੋਸਾਇਟੀ ਵਿਚ ਚੱਲ ਰਹੇ ਆਨਲਾਈਨ ਸੱਟੇਬਾਜ਼ੀ ਅਤੇ ਠੱਗੀ ਦੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ ਬਲਾਕ-ਸੀ ਦੇ ਫਲੈਟ ਨੰਬਰ 1202 'ਤੇ ਅਚਾਨਕ ਛਾਪੇਮਾਰੀ ਕੀਤੀ ਗਈ, ਜਿੱਥੇ 12ਵੀਂ ਮੰਜ਼ਿਲ 'ਤੇ ਬੈਠ ਕੇ ਮੁਲਜ਼ਮ ਦੇਸ਼ ਭਰ ਦੇ ਲੋਕਾਂ ਨੂੰ ਆਨਲਾਈਨ ਸੱਟੇ ਅਤੇ ਵੱਡੇ ਮੁਨਾਫ਼ੇ ਦੇ ਸੁਪਨੇ ਦਿਖਾ ਕੇ ਠੱਗੀ ਦਾ ਸ਼ਿਕਾਰ ਬਣਾ ਰਹੇ ਸਨ।
ਗ੍ਰਿਫ਼ਤਾਰ ਕੀਤੇ ਗਏ 5 ਆਰੋਪੀ ਮੂਲ ਵਾਸੀ ਰਾਜਸਥਾਨ ਦੇ ਵੱਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਵੱਡੀ ਗਿਣਤੀ ਵਿਚ ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਡਿਜ਼ੀਟਲ ਉਪਕਰਣ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਇਸ ਗੈਰਕਾਨੂੰਨੀ ਧੰਦੇ ਨੂੰ ਚਲਾਉਣ ਲਈ ਕੀਤੀ ਜਾ ਰਹੀ ਸੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਆਈ.ਪੀ.ਐਲ. ਅਤੇ ਹੋਰ ਨਿੱਜੀ ਕ੍ਰਿਕਟ ਲੀਗਾਂ ਵਿਚ ਸੱਟਾ ਲਗਾ ਕੇ ਥੋੜ੍ਹੇ ਸਮੇਂ ਵਿਚ ਵੱਡੀ ਕਮਾਈ ਕਰਨ ਦਾ ਲਾਲਚ ਦਿੰਦਾ ਸੀ। ਸੋਸ਼ਲ ਮੀਡੀਆ ਅਤੇ ਹੋਰ ਆਨਲਾਈਨ ਪਲੇਟਫਾਰਮਾਂ ਰਾਹੀਂ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਨਿਵੇਸ਼ ਕਰਨ ਅਤੇ ਸੱਟੇਬਾਜ਼ੀ ਵਿਚ ਪੈਸਾ ਲਗਾਉਣ ਲਈ ਉਕਸਾਇਆ ਜਾਂਦਾ ਸੀ।
ਜਿਵੇਂ ਹੀ ਕੋਈ ਵਿਅਕਤੀ ਇਨ੍ਹਾਂ ਦੇ ਦੱਸੇ ਬੈਂਕ ਖਾਤਿਆਂ ਵਿਚ ਰਕਮ ਟਰਾਂਸਫਰ ਕਰਦਾ, ਗਿਰੋਹ ਉਸ ਪੈਸੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸੰਪਰਕ ਤੋੜ ਦਿੰਦਾ ਸੀ। ਇਸ ਤਰ੍ਹਾਂ ਕਈ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੇ ਜਾਣ ਦਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਟੀਮ ਨੂੰ ਗਸ਼ਤ ਦੌਰਾਨ ਇੱਕ ਮੁਖਬਿਰ ਵੱਲੋਂ ਸੂਚਨਾ ਮਿਲੀ ਸੀ ਕਿ ਮੋਨਾ ਗ੍ਰੀਨ ਸੋਸਾਇਟੀ ਦੇ ਇੱਕ ਫਲੈਟ ਵਿੱਚ ਆਨਲਾਈਨ ਸੱਟੇਬਾਜ਼ੀ ਦਾ ਗੈਰਕਾਨੂੰਨੀ ਕਾਰੋਬਾਰ ਚੱਲ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਫਲੈਟ 'ਤੇ ਛਾਪਾ ਮਾਰਿਆ ਅਤੇ ਪੰਜਾਂ ਮੁਲਜ਼ਮਾਂ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ।
ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਦੇ ਬੈਂਕ ਖਾਤਿਆਂ, ਮੋਬਾਈਲ ਫੋਨਾਂ ਅਤੇ ਲੈਪਟਾਪਾਂ ਵਿੱਚ ਮੌਜੂਦ ਡਿਜ਼ੀਟਲ ਡਾਟਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਗਿਰੋਹ ਨੇ ਹੁਣ ਤੱਕ ਦੇਸ਼ ਭਰ ਵਿੱਚ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਕਿੰਨੀ ਵੱਡੀ ਰਕਮ ਦੀ ਠੱਗੀ ਕੀਤੀ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਇਸ ਨੈੱਟਵਰਕ ਨਾਲ ਹੋਰ ਲੋਕ ਵੀ ਜੁੜੇ ਹੋ ਸਕਦੇ ਹਨ ਅਤੇ ਰਿਮਾਂਡ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਪੰਜਾਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ, ਤਾਂ ਜੋ ਇਸ ਪੂਰੇ ਰੈਕਟ ਦੇ ਹੋਰ ਸਾਥੀਆਂ ਅਤੇ ਠੱਗੀ ਦੇ ਜਾਲ ਬਾਰੇ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਨਾਲ ਜੁੜੇ ਹੋਰ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ।
;
;
;
;
;
;
;
;
;