ਟ੍ਰੈਫ਼ਿਕ ਪੁਲਿਸ ਮੁਲਾਜ਼ਮ ਦਾ ਸਟਾਰ ਤੋੜਨ ਵਾਲਾ ਨੌਜਵਾਨ ਕਾਬੂ
ਮੁਹਾਲੀ, 8 ਜੂਨ (ਅਲੀ) - ਖਰੜ ਦੇ ਸਨੀ ਇਨਕਲੇਵ ਇਲਾਕੇ ਵਿਚ ਸੋਮਵਾਰ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਚਾਲੇ ਹੋਈ ਝੜਪ ਦੌਰਾਨ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਇਕ ਨੌਜਵਾਨ ਨੇ ਟ੍ਰੈਫ਼ਿਕ ਪੁਲਿਸ ਕਰਮਚਾਰੀ ਦੀ ਵਰਦੀ 'ਤੇ ਲੱਗਾ ਸਟਾਰ ਤੋੜ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਥਾਣੇ ਲਿਜਾਇਆ ਗਿਆ।
ਪ੍ਰਤੱਖਦਰਸ਼ੀਆਂ ਮੁਤਾਬਕ ਸਨੀ ਇਨਕਲੇਵ ਨੇੜੇ ਦੋ ਨੌਜਵਾਨ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਬਹਿਸ ਕਰਨ ਲੱਗ ਪਏ। ਬਹਿਸ ਕੁਝ ਹੀ ਸਮੇਂ ਵਿਚ ਹੱਥੋਪਾਈ ਵਿਚ ਬਦਲ ਗਈ। ਸੜਕ 'ਤੇ ਹੋ ਰਹੇ ਹੰਗਾਮੇ ਕਾਰਨ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਕਈ ਲੋਕ ਮੋਬਾਈਲ ਫੋਨਾਂ 'ਤੇ ਵੀਡੀਓ ਬਣਾਉਣ ਲੱਗ ਪਏ।
ਇਸ ਦੌਰਾਨ ਨੇੜੇ ਡਿਊਟੀ ਕਰ ਰਹੇ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਪੁਲਿਸ ਮੁਲਾਜ਼ਮ ਨਾਲ ਹੀ ਉਲਝ ਪਿਆ ਅਤੇ ਉਸ ਨੂੰ ਧਮਕੀਆਂ ਦੇਣ ਲੱਗ ਪਿਆ। ਗੁੱਸੇ ਵਿੱਚ ਆਏ ਨੌਜਵਾਨ ਨੇ ਪੁਲਿਸ ਕਰਮਚਾਰੀ ਦੇ ਮੋਢੇ 'ਤੇ ਲੱਗੇ ਸਟਾਰ ਨੂੰ ਹੱਥ ਪਾ ਕੇ ਤੋੜ ਦਿੱਤਾ।
ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਅਤੇ ਹੋਰ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਉਸ ਨੂੰ ਅੱਗੇ ਦੀ ਪੁੱਛਗਿੱਛ ਅਤੇ ਕਾਨੂੰਨੀ ਕਾਰਵਾਈ ਲਈ ਥਾਣੇ ਲਿਜਾਇਆ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਚਰਚਾ ਛਿੜੀ ਹੋਈ ਹੈ।
;
;
;
;
;
;
;
;