JALANDHAR WEATHER

ਤੇਜ਼ ਹਨੇਰੀ ਤੇ ਜ਼ੋਰਦਾਰ ਮੀਂਹ ਦੀ ਸ਼ੁਰੂਆਤ, ਮੌਸਮ ਹੋਇਆ ਸੁਹਾਵਣਾ

ਜਾਡਲਾ, 11 ਜੂਨ (ਹਰਕੰਵਲ ਸਿੰਘ ਕੌਲਗੜ੍ਹ)- ਜਾਡਲਾ ਅਤੇ ਆਸ ਪਾਸ ਦੇ ਖ਼ੇਤਰ ਵਿਚ ਅਚਾਨਕ ਮੌਸਮ ਨੇ ਕਰਵਟ ਬਦਲ ਲਈ। ਪਹਿਲਾਂ ਤੇਜ਼ ਹਨੇਰੀ ਚੱਲਣੀ ਸ਼ੁਰੂ ਹੋਈ ਅਤੇ ਕੁੱਝ ਹੀ ਸਮੇਂ ਬਾਅਦ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਮੀਂਹ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਹੁੰਮਸ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਮੀਂਹ ਪੈਣ ਕਾਰਨ ਤਾਪਮਾਨ ਵਿਚ ਕਾਫ਼ੀ ਗਿਰਾਵਟ ਆ ਗਈ ਅਤੇ ਸਾਰਾ ਮਾਹੌਲ ਸੁਹਾਵਣਾ ਬਣ ਗਿਆ।

ਤੇਜ਼ ਹਵਾਵਾਂ ਅਤੇ ਠੰਡੀ ਫੁਹਾਰਾਂ ਕਾਰਨ ਲੋਕਾਂ ਨੇ ਬਹੁਤ ਰਾਹਤ ਮਹਿਸੂਸ ਕੀਤੀ। ਬੱਚਿਆਂ ਅਤੇ ਨੌਜਵਾਨਾਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਕਿਸਾਨਾਂ ਨੇ ਇਸ ਮੀਂਹ ਨੂੰ ਫਸਲਾਂ ਲਈ ਲਾਭਦਾਇਕ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਰਖਾ ਖੇਤਾਂ ਵਿਚ ਨਮੀ ਬਣਾਈ ਰੱਖਣ ਅਤੇ ਆਉਣ ਵਾਲੀਆਂ ਫਸਲਾਂ ਦੀ ਤਿਆਰੀ ਲਈ ਫਾਇਦੇਮੰਦ ਸਾਬਤ ਹੋਵੇਗੀ। ਹਾਲਾਂਕਿ ਕੁਝ ਥਾਵਾਂ 'ਤੇ ਤੇਜ਼ ਹਨੇਰੀ ਕਾਰਨ ਦਰੱਖਤਾਂ ਦੀਆਂ ਟਾਹਣੀਆਂ ਟੁੱਟਣ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ।

ਮੌਸਮ ਵਿਚ ਆਈ ਇਸ ਅਚਾਨਕ ਤਬਦੀਲੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਤਾਜ਼ਗੀ ਭਰਿਆ ਬਣਾ ਦਿੱਤਾ ਹੈ। ਲੋਕਾਂ ਨੇ ਇਸ ਸੁਹਾਵਣੇ ਮੌਸਮ ਦਾ ਭਰਪੂਰ ਆਨੰਦ ਮਾਣਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ