JALANDHAR WEATHER

ਧਰਮਸ਼ਾਲਾ ਵਿਚ ਟੀਕਾਕਰਨ ਦੌਰਾਨ ਗਰਮੀ ਤੇ ਸੁਵਿਧਾਵਾਂ ਦੀ ਘਾਟ, ਯੂਥ ਐਂਡ ਸਪੋਰਟਸ ਕਲੱਬ ਨੇ ਲਗਾਏ ਇਨਵਰਟਰ, ਬੈਟਰੀਆਂ ਅਤੇ ਪੱਖੇ

ਜ਼ੀਰਕਪੁਰ, 11 ਜੂਨ (ਅਲੀ)- ਪਿੰਡ ਭਬਾਤ ਵਿਚ ਗਰਭਵਤੀ ਮਹਿਲਾਵਾਂ ਅਤੇ ਨਵਜਨਮੇ ਬੱਚਿਆਂ ਦੇ ਟੀਕਾਕਰਨ ਦੌਰਾਨ ਆ ਰਹੀਆਂ ਮੁਸ਼ਕਲਾਂ ਨੂੰ ਦੇਖਦਿਆਂ ਭਬਾਤ ਯੂਥ ਐਂਡ ਸਪੋਰਟਸ ਕਲੱਬ ਵਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਕਲੱਬ ਨੇ ਧਰਮਸ਼ਾਲਾ ਵਿਚ ਇਨਵਰਟਰ, ਬੈਟਰੀਆਂ ਅਤੇ ਪੱਖਿਆਂ ਦੀ ਸਹੂਲਤ ਮੁਹੱਈਆ ਕਰਵਾ ਕੇ ਟੀਕਾਕਰਨ ਲਈ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜਾਣਕਾਰੀ ਅਨੁਸਾਰ, ਪਿੰਡ ਦੀ ਡਿਸਪੈਂਸਰੀ ਵਿਚ ਲੋੜੀਂਦੀਆਂ ਸਹੂਲਤਾਂ ਅਤੇ ਪ੍ਰਬੰਧਾਂ ਦੀ ਘਾਟ ਕਾਰਨ ਗਰਭਵਤੀ ਮਹਿਲਾਵਾਂ ਅਤੇ ਨਵਜਨਮੇ ਬੱਚਿਆਂ ਦਾ ਟੀਕਾਕਰਨ ਧਰਮਸ਼ਾਲਾ ਵਿਚ ਕੀਤਾ ਜਾਂਦਾ ਹੈ।

ਪਰ ਗਰਮੀ ਦੇ ਮੌਸਮ ਵਿਚ ਬਿਜਲੀ ਚਲੇ ਜਾਣ ਕਾਰਨ ਉੱਥੇ ਮੌਜੂਦ ਮਹਿਲਾਵਾਂ, ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਲੰਬੀਆਂ ਕਤਾਰਾਂ ਵਿਚ ਖੜ੍ਹੇ ਲੋਕਾਂ ਲਈ ਇਹ ਸਥਿਤੀ ਹੋਰ ਵੀ ਮੁਸ਼ਕਲ ਬਣ ਜਾਂਦੀ ਸੀ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਭਬਾਤ ਯੂਥ ਐਂਡ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਧਰਮਸ਼ਾਲਾ ਵਿੱਚ ਇਨਵਰਟਰ, ਬੈਟਰੀਆਂ ਅਤੇ ਪੱਖਿਆਂ ਦੀ ਸੇਵਾ ਸ਼ੁਰੂ ਕੀਤੀ, ਜਿਸ ਨਾਲ ਟੀਕਾਕਰਨ ਲਈ ਆਉਣ ਵਾਲੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਮਾਹੌਲ ਹੋਰ ਸੁਖਦਾਇਕ ਬਣਿਆ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਸੇ ਧਰਮਸ਼ਾਲਾ ਵਿਚ ਸਰਕਾਰੀ ਰਾਸ਼ਨ ਡਿੱਪੂ ਦਾ ਰਾਸ਼ਨ ਵੀ ਵੰਡਿਆ ਜਾਂਦਾ ਹੈ, ਜਿਸ ਕਾਰਨ ਇਕੋ ਸਮੇਂ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਜਾਂਦੇ ਹਨ। ਅਜਿਹੇ ਹਾਲਾਤਾਂ ਵਿਚ ਗਰਭਵਤੀ ਮਹਿਲਾਵਾਂ ਅਤੇ ਨਵਜਨਮੇ ਬੱਚਿਆਂ ਲਈ ਇਨਫੈਕਸ਼ਨ ਦਾ ਖਤਰਾ ਵੀ ਵੱਧ ਜਾਂਦਾ ਹੈ।
ਪਿੰਡ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਹਲਕੇ ਦੇ ਨੁਮਾਇੰਦਿਆਂ ਅਤੇ ਸਥਾਨਕ ਐਮਸੀਜ਼ ਨੂੰ ਅਪੀਲ ਕੀਤੀ ਹੈ ਕਿ ਪਿੰਡ ਭਬਾਤ ਵਿਚ ਡਿਸਪੈਂਸਰੀ ਲਈ ਵੱਖਰੀ ਅਤੇ ਪੱਕੀ ਜਗ੍ਹਾ ਮੁਹੱਈਆ ਕਰਵਾਈ ਜਾਵੇ, ਜਿੱਥੇ ਸਾਰੀਆਂ ਲੋੜੀਂਦੀਆਂ ਸਿਹਤ ਸਹੂਲਤਾਂ ਉਪਲਬਧ ਹੋਣ। ਉਨ੍ਹਾਂ ਕਿਹਾ ਕਿ ਇਸ ਨਾਲ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਬਿਹਤਰ ਅਤੇ ਸੁਰੱਖਿਅਤ ਸਿਹਤ ਸੇਵਾਵਾਂ ਮਿਲ ਸਕਣਗੀਆਂ।

ਭਬਾਤ ਯੂਥ ਐਂਡ ਸਪੋਰਟਸ ਕਲੱਬ ਦੇ ਇਸ ਸਮਾਜ ਸੇਵੀ ਉਪਰਾਲੇ ਦੀ ਪਿੰਡ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਨਿਰਮਲ ਸੈਣੀ, ਸਕੰਦਰ ਅਲੀ, ਕਸ਼ਿਸ਼, ਨਿਤਿਨ, ਸਾਹਿਲ, ਹਰਪਾਲ, ਰੁਸਤਮ, ਰੋਮੀ, ਅਵਨੀਤ ਅਤੇ ਹੋਰ ਮੈਂਬਰ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ