ਗੁਰਦੁਆਰਾ ਸ਼੍ਰੀ ਨਾਭਾ ਸਾਹਿਬ 'ਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੀ ਹੋਈ ਮੀਟਿੰਗ
ਜ਼ੀਰਕਪੁਰ, 21 ਜੂਨ (ਹੈਪੀ ਪੰਡਵਾਲਾ)- ਅੱਜ ਇੱਥੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਅਹਿਮ ਸੰਗਠਨਾਤਮਕ ਮੀਟਿੰਗ ਹੋਈ। ਇਸ ਮੌਕੇ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ।
ਮੀਟਿੰਗ ਦੌਰਾਨ ਜ਼ੀਰਕਪੁਰ ਅਤੇ ਡੇਰਾਬੱਸੀ ਜੋਨ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਪਾਰਟੀ ਆਗੂਆਂ ਨੇ ਕਿਹਾ ਕਿ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਹਰ ਜੋਨ ਵਿਚ ਟੀਮਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਸਾਰੇ ਜੋਨਾਂ ਦਾ ਇਕ ਵਿਸ਼ਾਲ ਇਕੱਠ ਕਰਵਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਜਸ਼ਨਦੀਪ ਸਿੰਘ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਹੰਸਾਲਾ ਵਲੋਂ ਹਲਕਾ ਡੇਰਾਬੱਸੀ ਦੇ ਪਿੰਡ ਪੰਡਵਾਲਾ ਤੇ ਕੂੜਾਵਾਲਾ 'ਚ ਗੁਰਦੁਆਰਾ ਸਾਹਿਬ ਦੀਆਂ ਨਵੀਆਂ ਬਣ ਰਹੀਆਂ ਇਮਾਰਤਾਂ ਲਈ ਸੇਵਾ ਵਜੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ 31-31 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਆਗੂਆਂ ਨੇ ਕਿਹਾ ਕਿ ਧਾਰਮਿਕ, ਸਮਾਜਿਕ ਤੇ ਲੋਕ ਭਲਾਈ ਦੇ ਕਾਰਜਾਂ 'ਚ ਸੇਵਾ ਕਰਨਾ ਹਰ ਵਿਅਕਤੀ ਦਾ ਫਰਜ਼ ਹੈ ਅਤੇ ਪਾਰਟੀ ਹਮੇਸ਼ਾ ਅਜਿਹੇ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਂਦੀ ਰਹੇਗੀ।
ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਸਮਾਜ ਦੀ ਚੜ੍ਹਦੀ ਕਲਾ ਅਤੇ ਆਪਸੀ ਭਾਈਚਾਰੇ ਲਈ ਮਿਲਜੁਲ ਕੇ ਕੰਮ ਕਰਨ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਹਾਜ਼ਰ ਵਰਕਰਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨੇ ਵੀ ਸੰਗਠਨ ਦੀ ਮਜ਼ਬੂਤੀ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ਲਈ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
;
;
;
;
;
;
;