JALANDHAR WEATHER

ਸੋਹਾਣਾ ਵਿਚ ਕਾਰ ਚੋਰਾਂ ਦਾ ਆਤੰਕ: ਸਕਾਰਪੀਓ ਤੇ ਫਾਰਚੂਨਰ ਚੋਰੀ

ਐਸ. ਏ. ਐਸ. ਨਗਰ, 23 ਜੂਨ (ਕਪਿਲ ਵਧਵਾ)- ਮੁਹਾਲੀ ਦੇ ਸੋਹਾਣਾ ਇਲਾਕੇ ਵਿਚ ਕਾਰ ਚੋਰਾਂ ਦੀ ਸਰਗਰਮੀ ਨੇ ਵਾਹਨ ਮਾਲਕਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਦੋ ਲਗਜ਼ਰੀ ਗੱਡੀਆਂ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ, ਜਦਕਿ ਇਕ ਹੋਰ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਨਾਕਾਮ ਰਹੀ। ਤਾਜ਼ਾ ਮਾਮਲੇ ਵਿਚ ਸੈਕਟਰ-80 ਦੇ ਰਹਿਣ ਵਾਲੇ ਗੁਰਪਾਲ ਸਿੰਘ ਦੀ ਕਾਲੇ ਰੰਗ ਦੀ ਸਕਾਰਪੀਓ ਐਸ-11 ਘਰ ਦੇ ਬਾਹਰੋਂ ਚੋਰੀ ਕਰ ਲਈ ਗਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਪਾਲ ਸਿੰਘ ਨੇ ਦੱਸਿਆ ਕਿ 19 ਜੂਨ ਦੀ ਤੜਕੇ ਕਰੀਬ 3 ਵਜੇ ਉਹ ਆਪਣੀ ਸਕਾਰਪੀਓ ਐਸ-11 (ਨੰਬਰ ਪੀਬੀ-11-ਸੀਡਬਲਯੂ-0019) ਘਰ ਦੇ ਬਾਹਰ ਖੜ੍ਹੀ ਕਰਕੇ ਘਰ ਅੰਦਰ ਚਲੇ ਗਏ ਸਨ।

ਜਦੋਂ ਉਹ ਸਵੇਰੇ ਬਾਹਰ ਆਏ ਤਾਂ ਗੱਡੀ ਮੌਕੇ ਤੋਂ ਗਾਇਬ ਸੀ। ਉਨ੍ਹਾਂ ਅਨੁਸਾਰ ਗੱਡੀ ਵਿਚ ਇਕ ਅਰਮਾਨੀ ਘੜੀ ਅਤੇ ਕਰੀਬ 45 ਹਜ਼ਾਰ ਰੁਪਏ ਨਕਦ ਵੀ ਮੌਜੂਦ ਸਨ। ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸੋਹਾਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 303(2) ਬੀ.ਐਨ.ਐਸ. ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਕਾਰਪੀਓ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਚੋਰਾਂ ਨੇ ਨੇੜੇ ਖੜ੍ਹੀ ਇਕ ਬਰੀਜਾ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਗੱਡੀ ਸਟਾਰਟ ਨਾ ਹੋਣ ਕਾਰਨ ਉਹ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕੇ ਅਤੇ ਬਾਅਦ ਵਿਚ ਸਕਾਰਪੀਓ ਨੂੰ ਚੋਰੀ ਕਰਕੇ ਫ਼ਰਾਰ ਹੋ ਗਏ।

ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਸੈਕਟਰ-80 ਦੇ ਇਲਾਕੇ ਤੋਂ ਇਕ ਫਾਰਚੂਨਰ ਗੱਡੀ ਚੋਰੀ ਹੋ ਚੁੱਕੀ ਹੈ। ਲਗਾਤਾਰ ਹੋ ਰਹੀਆਂ ਇਨ੍ਹਾਂ ਵਾਰਦਾਤਾਂ ਕਾਰਨ ਇਲਾਕੇ ਦੇ ਵਸਨੀਕਾਂ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰਪਾਲ ਸਿੰਘ ਖੁਦ ਵੀ ਪੁਲਿਸ ਟੀਮਾਂ ਨਾਲ ਮਿਲ ਕੇ ਆਪਣੀ ਗੱਡੀ ਦੀ ਲੋਕੇਸ਼ਨ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੀ ਪਛਾਣ ਲਈ ਵੱਖ-ਵੱਖ ਟੀਮਾਂ ਨੂੰ ਸਰਗਰਮ ਕੀਤਾ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ