ਡੇਰਾਬੱਸੀ ਪਾਈਪ ਲਾਈਨ ਵਿਛਾਉਣ ਨੂੰ ਲੈ ਕੇ ਲੋਕਾਂ ਦਾ ਜ਼ੋਰਦਾਰ ਵਿਰੋਧ
ਡੇਰਾਬੱਸੀ, (ਮੋਹਾਲੀ) 25 ਜੂਨ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਬਰਵਾਲਾ ਰੋਡ 'ਤੇ ਸਥਿਤ ਗੁਰਬਖਸ਼ ਕਲੋਨੀ ਅਤੇ ਸ਼ਿਵ ਕਲੋਨੀ (ਵਾਰਡ ਨੰਬਰ 6) ਦੇ ਨਿਵਾਸੀਆਂ ਵਲੋਂ ਪਾਈਪਲਾਈਨ ਵਿਛਾਉਣ ਦੇ ਕੰਮ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਦੇ ਸਮਰਥਨ ਵਿਚ ਪਹੁੰਚੇ ਵਾਰਡ ਦੇ ਕੌਂਸਲਰ ਮਨੀਸ਼ ਸੈਣੀ ਨੇ ਮੌਕੇ 'ਤੇ ਮੌਜੂਦ ਠੇਕੇਦਾਰ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਚੁੱਕੇ ਹਨ ਅਤੇ ਪ੍ਰਸ਼ਾਸਨ ਨੂੰ ਇਸ ਮਸਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਕੌਂਸਲਰ ਮਨੀਸ਼ ਸੈਣੀ ਨੇ ਦੱਸਿਆ ਕਿ ਗੁਰਬਖਸ਼ ਕਲੋਨੀ ਅਤੇ ਸ਼ਿਵ ਕਲੋਨੀ ਵਿਚ ਬਰਸਾਤ ਦੇ ਦਿਨਾਂ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਾਲਾਤ ਬਹੁਤ ਖ਼ਰਾਬ ਹੋ ਜਾਂਦੇ ਹਨ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਜਾਂਦਾ ਹੈ। ਇਸ ਸਬੰਧੀ ਪਹਿਲਾਂ ਵੀ ਈ.ਓ. ਅਤੇ ਸਥਾਨਕ ਪ੍ਰਸ਼ਾਸਨ ਨੂੰ ਕਈ ਵਾਰ ਜਾਣੂੰ ਕਰਵਾਇਆ ਜਾ ਚੁੱਕਾ ਹੈ। ਹੁਣ ਸਮੱਸਿਆ ਇਹ ਖੜ੍ਹੀ ਹੋਈ ਹੈ ਕਿ ਠੇਕੇਦਾਰ ਵਲੋਂ ਪਿੱਛੋਂ ਆ ਰਹੀਆਂ ਸੋਸਾਇਟੀਆਂ ਦੇ ਬਰਸਾਤੀ ਪਾਣੀ ਦੀ ਪਾਈਪਲਾਈਨ ਨੂੰ ਇਸ ਇਲਾਕੇ ਦੇ ਚੈਂਬਰ ਵਿਚ ਲਿਆ ਕੇ ਛੱਡਿਆ ਜਾ ਰਿਹਾ ਹੈ, ਜਦਕਿ ਇਸ ਪਾਣੀ ਨੂੰ ਅੱਗੇ ਮੁੱਖ ਚੋਅ (ਬਰਸਾਤੀ ਨਾਲੇ) ਤੱਕ ਪਹੁੰਚਾਉਣ ਦਾ ਕੋਈ ਪੁਖ਼ਤਾ ਰਸਤਾ ਜਾਂ ਪ੍ਰਬੰਧ ਨਹੀਂ ਹੈ। ਏ.ਟੀ.ਐਸ. ਪ੍ਰਬੰਧਕ ਵੀ ਆਪਣੀ ਜਗ੍ਹਾ ਵਿਚੋਂ ਇਸ ਪਾਈਪਲਾਈਨ ਨੂੰ ਲੰਘਾਉਣ ਦੀ ਇਜਾਜ਼ਤ ਨਹੀਂ ਦੇ ਰਹੇ। ਸਥਾਨਕ ਲੋਕਾਂ ਦੀ ਮੰਗ ਹੈ ਕਿ ਪਹਿਲਾਂ ਸੜਕ ਪੁੱਟ ਕੇ ਪਾਈਪਲਾਈਨ ਨੂੰ ਸਿੱਧਾ ਅੱਗੇ ਚੋਅ (ਨਾਲੇ) ਤੱਕ ਪਹੁੰਚਾਇਆ ਜਾਵੇ, ਤਾਂ ਜੋ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੋ ਸਕੇ।
ਲੋਕਾਂ ਨੇ ਈ.ਓ. ਨੂੰ ਅਪੀਲ ਕੀਤੀ ਸੀ ਕਿ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਏ.ਟੀ.ਐਸ. ਪ੍ਰਬੰਧਕਾਂ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਜਾਵੇ, ਜਿਸ ਲਈ ਏ.ਟੀ.ਐਸ. ਵਾਲੇ ਵੀ ਤਿਆਰ ਸਨ, ਪਰ ਪ੍ਰਸ਼ਾਸਨ ਜਾਂ ਠੇਕੇਦਾਰ ਵਲੋਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ। ਕੌਂਸਲਰ ਸੈਣੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਪਾਣੀ ਨੂੰ ਇਸੇ ਮੋੜ 'ਤੇ ਅਧੂਰਾ ਛੱਡ ਦਿੱਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿਚ ਸਾਰਾ ਪਾਣੀ ਲੋਕਾਂ ਦੇ ਘਰਾਂ ਅਤੇ ਨੇੜਲੇ ਸਕੂਲ ਵਿੱਚ ਵੜ ਜਾਵੇਗਾ। ਸੜਕਾਂ 'ਤੇ ਪੈ ਰਹੇ ਵੱਡੇ-ਵੱਡੇ ਖੱਡਿਆਂ ਕਾਰਨ ਸਕੂਲੀ ਬੱਚਿਆਂ ਅਤੇ ਵਾਹਨ ਚਾਲਕਾਂ ਲਈ ਹਰ ਵੇਲੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਮੌਕੇ 'ਤੇ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕੰਮ ਨੂੰ ਰੁਕਵਾ ਦਿੱਤਾ ਹੈ।
;
;
;
;
;
;
;