JALANDHAR WEATHER

ਡੇਰਾਬਸੀ ਲਾਇਬ੍ਰੇਰੀ ਸਾਹਮਣੇ ਖੁੱਲ੍ਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਮਹਿਲਾਵਾਂ ਦਾ ਫੁੱਟਿਆ ਗੁੱਸਾ

ਡੇਰਾਬੱਸੀ, 3 ਜੁਲਾਈ (ਰਣਬੀਰ ਸਿੰਘ ਪੜ੍ਹੀ) ਡੇਰਾਬੱਸੀ ਦੇ ਐਸ.ਡੀ.ਐਮ. ਦਫ਼ਤਰ ਨੂੰ ਜਾਂਦੇ ਰਸਤੇ 'ਤੇ ਮਿਊਂਸਪਲ ਲਾਇਬ੍ਰੇਰੀ ਦੇ ਸਾਹਮਣੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਇਲਾਕੇ ਦੀਆਂ ਮਹਿਲਾਵਾਂ ਦਾ ਗੁੱਸਾ ਸੜਕਾਂ 'ਤੇ ਨਜ਼ਰ ਆਇਆ। ਵੱਖਰੇ ਅੰਦਾਜ਼ ਵਿਚ ਮੰਜੇ ਅਤੇ ਚਾਦਰਾਂ ਵਿਛਾ ਕੇ ਮਹਿਲਾਵਾਂ ਨੇ ਠੇਕੇ ਦੇ ਸਾਹਮਣੇ ਧਰਨਾ ਲਗਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਠੇਕਾ ਤੁਰੰਤ ਹਟਾਉਣ ਦੀ ਮੰਗ ਕੀਤੀ। ਧਰਨੇ ਦੌਰਾਨ ਕੁਝ ਸਮੇਂ ਲਈ ਸੜਕ 'ਤੇ ਆਵਾਜਾਈ ਵੀ ਪ੍ਰਭਾਵਿਤ ਰਹੀ। ਪ੍ਰਦਰਸ਼ਨਕਾਰੀ ਮਹਿਲਾਵਾਂ ਦਾ ਕਹਿਣਾ ਸੀ ਕਿ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਅਤੇ ਮਿਊਂਸਪਲ ਲਾਇਬ੍ਰੇਰੀ ਦੇ ਸਾਹਮਣੇ ਸ਼ਰਾਬ ਦਾ ਠੇਕਾ ਖੋਲ੍ਹਣਾ ਲੋਕ ਹਿੱਤਾਂ ਦੇ ਉਲਟ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਠੇਕੇ ਦੇ ਬਾਹਰ ਹਰ ਵੇਲੇ ਲੋਕਾਂ ਦੀ ਭੀੜ ਰਹਿਣ ਕਾਰਨ ਔਰਤਾਂ ਅਤੇ ਲੜਕੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ, ਜਦਕਿ ਲਾਇਬ੍ਰੇਰੀ ਵਿਚ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ 'ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਸਥਿਤੀ ਤਣਾਅਪੂਰਨ ਬਣਦੀ ਦੇਖ ਕੇ ਠੇਕੇ ਦੇ ਸੰਚਾਲਕ ਨੇ ਠੇਕੇ ਦਾ ਸ਼ਟਰ ਬੰਦ ਕਰ ਦਿੱਤਾ। ਇਸ ਦੌਰਾਨ ਭਾਜਪਾ ਆਗੂ ਗੁਰਦਰਸ਼ਨ ਸੈਣੀ ਵੀ ਧਰਨੇ ਵਿਚ ਪੁੱਜੇ ਅਤੇ ਮਹਿਲਾਵਾਂ ਦੇ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਵਿਚ ਅਜਿਹੇ ਠੇਕੇ ਖੋਲ੍ਹਣ ਨਾਲ ਸਮਾਜਿਕ ਮਾਹੌਲ ਪ੍ਰਭਾਵਿਤ ਹੁੰਦਾ ਹੈ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਠੇਕੇ ਨੂੰ ਕਿਸੇ ਹੋਰ ਥਾਂ ਤਬਦੀਲ ਕਰਨਾ ਚਾਹੀਦਾ ਹੈ।

ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ 'ਤੇ ਜਲਦ ਕਾਰਵਾਈ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਪੈਦਾ ਹੋਣ ਵਾਲੇ ਹਾਲਾਤਾਂ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਜਲੰਧਰ

ਅਜੀਤ ਟੀ ਵੀ