JALANDHAR WEATHER

ਮਜੀਠਾ ਅੱਗ ਕਾਂਡ ਨੇ ਲਿਆ ਨਵਾਂ ਮੋੜ, ਚਾਰ ਖ਼ਿਲਾਫ਼ ਕੇਸ ਦਰਜ

ਜੈਂਤੀਪੁਰ/ਮਜੀਠਾ, 16 ਜੁਲਾਈ (ਗਿੱਲ, ਸੋਖੀ, ਸਹਿਮੀ)- ਮਜੀਠਾ ਅੱਗ ਕਾਂਡ ਨੇ ਨਵਾਂ ਮੋੜ ਲਿਆ ਹੈ। ਨੌਜਵਾਨ ਦੀ ਮੌਤ ਮਾਮਲੇ ਵਿਚ ਚਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਨੌਜਵਾਨ ਨੂੰ ਘਰ ਬੁਲਾ ਕੇ ਅੱਗ ਲਗਾਈ ਗਈ। ਜ਼ਖ਼ਮੀ ਮਹਿਲਾ ਸਮੇਤ ਚਾਰ ਨਾਮਜ਼ਦ ਪੁਰਾਣੀ ਦੋਸਤੀ ਅਤੇ ਵਿਵਾਦ ਬਣਿਆ ਵਾਰਦਾਤ ਦੀ ਵਜ੍ਹਾ।

ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਰ ਖੁਲਾਸੇ ਹੋਣਗੇ। ਐੱਸ.ਐੱਚ.ਓ. ਕਰਮਪਾਲ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਐਫ.ਆਈ.ਆਰ. ਦਰਜ ਕਰ ਲਈ ਹੈ। ਜਾਂਚ ਹਰ ਪੱਖ ਤੋਂ ਜਾਰੀ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿਚ ਬੀਤੇ ਦਿਨ ਇਕ ਨੌਜਵਾਨ ਦੀ ਅੱਗ ਨਾਲ ਹੋਈ ਮੌਤ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਪਹਿਲਾਂ ਇਸ ਘਟਨਾ ਨੂੰ ਪ੍ਰੇਮ ਸਬੰਧਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ, ਪਰ ਹੁਣ ਪੁਲਿਸ ਦੀ ਮੁੱਢਲੀ ਜਾਂਚ ਤੋਂ ਬਾਅਦ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਨੌਜਵਾਨ ਨੂੰ ਘਰ ਬੁਲਾ ਕੇ ਉਸ ਨਾਲ ਇਹ ਘਟਨਾ ਵਾਪਰੀ।

ਜਾਣਕਾਰੀ ਅਨੁਸਾਰ, ਪੰਡੋਰੀ ਵੜੈਚ ਦਾ ਰਹਿਣ ਵਾਲਾ ਸੰਦੀਪ ਸਿੰਘ ਇਕ ਮਹਿਲਾ ਦੋਸਤ ਦੇ ਘਰ ਗਿਆ ਸੀ, ਜਿੱਥੇ ਅੱਗ ਲੱਗਣ ਕਾਰਨ ਉਸਦੀ ਮੌਤ ਹੋ ਗਈ ਸੀ। ਇਸ ਦੌਰਾਨ ਘਰ ਦੀ ਮਾਲਕਣ ਰਾਜਵਿੰਦਰ ਅਤੇ ਉਸ ਦਾ ਇਕ ਰਿਸ਼ਤੇਦਾਰ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਝੁਲਸ ਗਏ ਸਨ। ਦੋਵਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਮਾਮਲੇ ਸਬੰਧੀ ਮਜੀਠਾ ਥਾਣੇ ਦੇ ਐੱਸ.ਐੱਚ.ਓ. ਕਰਮਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਰਾਜਵਿੰਦਰ, ਉਸ ਦੇ ਇਕ ਰਿਸ਼ਤੇਦਾਰ ਸਮੇਤ ਕੁੱਲ ਚਾਰ ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ ਹੈ ਕਿ ਸੰਦੀਪ ਸਿੰਘ ਨੂੰ ਫੋਨ ਕਰਕੇ ਘਰ ਬੁਲਾਇਆ ਗਿਆ ਅਤੇ ਉੱਥੇ ਉਸ ਨੂੰ ਅੱਗ ਲਗਾਈ ਗਈ।

ਐੱਸ.ਐੱਚ.ਓ. ਨੇ ਦੱਸਿਆ ਕਿ ਜ਼ਖ਼ਮੀ ਮਹਿਲਾ ਇਸ ਵੇਲੇ ਹਸਪਤਾਲ ਵਿਚ ਦਾਖ਼ਲ ਹੈ ਅਤੇ ਉਸ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸੰਦੀਪ ਅਤੇ ਮਹਿਲਾ ਪਹਿਲਾਂ ਤਹਿਸੀਲ ਮਜੀਠਾ ਵਿਚ ਇਕੱਠੇ ਕੰਮ ਕਰਦੇ ਸਨ। ਦੋਵਾਂ ਵਿਚਾਲੇ ਚੰਗੀ ਦੋਸਤੀ ਸੀ, ਜੋ ਬਾਅਦ ਵਿਚ ਵਿਵਾਦ ਵਿਚ ਬਦਲ ਗਈ। ਪੁਲਿਸ ਮੁਤਾਬਕ ਦੋਵਾਂ ਦੇ ਆਪਸੀ ਸਬੰਧ ਸਨ, ਪਰ ਸੰਦੀਪ ਦੇ ਵਿਆਹ ਤੋਂ ਬਾਅਦ ਰਿਸ਼ਤਿਆਂ ਵਿਚ ਤਣਾਅ ਪੈਦਾ ਹੋ ਗਿਆ ਸੀ, ਜਿਸ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਸੰਦੀਪ ਘਟਨਾ ਵਾਲੇ ਦਿਨ ਘਰ ਦੇ ਅੰਦਰ ਗਿਆ ਸੀ ਅਤੇ ਕਰੀਬ 15 ਤੋਂ 20 ਮਿੰਟ ਬਾਅਦ ਅੱਗ ਲੱਗਣ ਦੀ ਘਟਨਾ ਵਾਪਰੀ। ਫਿਲਹਾਲ ਮੌਤ ਦੇ ਅਸਲ ਕਾਰਨਾਂ ਬਾਰੇ ਕੁਝ ਵੀ ਸਪੱਸ਼ਟ ਕਹਿਣਾ ਜਲਦਬਾਜ਼ੀ ਹੋਵੇਗੀ। ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋਵੇਗੀ। ਪੁਲਿਸ ਵਲੋਂ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ