ਰਾਤ ਵੇਲੇ ਲੁੱਟਾਂ ਖੋਹਾਂ ਕਰਨ ਵਾਲੇ ਲੜਕਾ ਤੇ ਲੜਕੀ ਗ੍ਰਿਫ਼ਤਾਰ
ਜ਼ੀਰਕਪੁਰ (ਮੋਹਾਲੀ), 16 ਜੁਲਾਈ (ਮਨਿੰਦਰ ਸਿੰਘ)- ਢਕੌਲੀ ਪੁਲਿਸ ਨੇ 14 ਜੁਲਾਈ ਨੂੰ ਦਰਜ ਇਕ ਲੁੱਟ ਖੋਹ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਨੌਜਵਾਨ ਮੁੰਡੇ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਹਿਤ ਸ਼ਰਮਾ ਵਾਸੀ ਸਵਾਸਤਿਕ ਵਿਹਾਰ ਤੇ ਤਬੱਸੁਮ ਵਾਸੀ ਸੈਕਟਰ 21 ਪੰਚਕੂਲਾ ਵਜੋਂ ਹੋਈ ਹੈ।
ਢਕੌਲੀ ਪੁਲਿਸ ਥਾਣੇ ਦੇ ਐਸ. ਐਚ. ਓ. ਇੰਸਪੈਕਟਰ ਸਤਨਾਮ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 14 ਜੁਲਾਈ 2026 ਨੂੰ ਸਾਜਨ ਵਾਸੀ ਸਿਆਮ ਨਗਰ ਢਕੌਲੀ ਨੇ ਪੁਲਿਸ ਕੋਲ ਉਸ ਨਾਲ ਹੋਈ ਲੁੱਟ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਬੀ. ਐਨ. ਐਸ. ਦੀ ਧਾਰਾ 304 (2), 351 (3) ਅਤੇ 3(5) ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ।
ਪੁਲਿਸ ਨੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਹੋਰ ਤਕਨੀਕੀ ਮਾਹਰਾਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਵਾਰਦਾਤ ਤੋਂ ਬਾਅਦ ਉਹ ਇਕ ਪੈਟਰੋਲ ਪੰਪ ਤੋਂ ਆਪਣੀ ਕਾਰ ਵਿਚ ਪੈਟਰੋਲ ਭਰਵਾ ਕੇ ਬਿਨ੍ਹਾਂ ਪੈਸੇ ਦਿੱਤੇ ਕਾਰ ਭਜਾ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਤੋਂ ਅਪਰਾਧਾਂ ਵਿਚ ਵਰਤੀ ਗਈ ਇਕ ਸਵਿਫਟ ਕਾਰ ਅਤੇ ਇਕ ਐਕਟਿਵਾ ਬਰਾਮਦ ਕੀਤੀ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਹੋਰ ਪੁੱਛਗਿੱਛ ਲਈ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
;
;
;
;
;
;
;
;