JALANDHAR WEATHER

ਸਤਲੁਜ ਦਰਿਆ ਦਾ ਪੁਲ ਭਾਰੀ ਵਾਹਨਾਂ ਲਈ ਠੱਪ

ਮਾਛੀਵਾੜਾ ਸਾਹਿਬ (ਲੁਧਿਆਣਾ), 16 ਜੁਲਾਈ (ਰਾਜਦੀਪ ਸਿੰਘ ਅਲਬੇਲਾ)- ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਸਲੈਬ ਪਿਛਲੇ 21 ਮਹੀਨਿਆਂ ਤੋਂ ਧਸੀ ਹੋਈ ਹੈ ਅਤੇ ਕੋਈ ਹਾਦਸਾ ਨਾ ਵਾਪਰੇ ਇਸ ਲਈ ਪ੍ਰਸ਼ਾਸਨ ਨੇ ਪੁਲ ਦੇ ਦੋਵੇਂ ਪਾਸੇ ਪੱਕੇ ਗਾਰਡਰ ਲਗਾ ਕੇ ਇਸ ਨੂੰ ਵੱਡੇ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ‘ਅਜੀਤ ਅਖ਼ਬਾਰ’ ਅਤੇ ‘ਅਜੀਤ ਟੀ.ਵੀ.’ ਵਲੋਂ ਵੀ ਇਹ ਮੁੱਦਾ ਉਠਾ ਕੇ ਪ੍ਰਸ਼ਾਸਨ ਨੂੰ ਜਗਾਇਆ ਗਿਆ ਸੀ ਜਿਸ ’ਤੇ ਹਰਕਤ ’ਚ ਆਉਂਦਿਆਂ ਪ੍ਰਸ਼ਾਸਨ ਨੇ ਇਸ ਨੂੰ ਭਾਰੀ ਵਾਹਨਾਂ ਲਈ ਬੰਦ ਕਰ ਦਿੱਤਾ ਹੈ। ਪੁਲ ਦੀ ਸਲੈਬ 5 ਵਾਰੀ ਧਸ ਚੁੱਕੀ ਹੈ ਜਿਸ ਕਾਰਨ ਨਵਾਂਸ਼ਹਿਰ ਪ੍ਰਸ਼ਾਸਨ ਵਲੋਂ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕੀਤੀ ਹੋਈ ਸੀ ਪਰ ਰੇਤੇ ਦੀ ਢੋਆ-ਢੁਆਈ ਕਰਨ ਵਾਲੇ ਟਿੱਪਰ ਅਤੇ ਹੋਰ ਸਰੀਆ, ਸੀਮਿੰਟ ਆਦਿ ਦੇ ਟਰੱਕ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਜਿਸ ਕਾਰਨ ਪ੍ਰਸ਼ਾਸਨ ਨੇ ਕੋਈ ਹਾਦਸਾ ਨਾ ਵਾਪਰੇ ਇਸ ਲਈ ਪੱਕੇ ਗਾਰਡਰ ਲਗਾ ਕੇ ਬੰਦ ਕਰ ਦਿੱਤਾ ਹੈ।

ਸਤਲੁਜ ਪੁਲ ’ਤੇ ਗਾਰਡਰ ਲੱਗਣ ਕਾਰਨ ਸਭ ਤੋਂ ਵੱਡੀ ਸਮੱਸਿਆ ਖੰਨਾ-ਨਵਾਂਸ਼ਹਿਰ ਨੂੰ ਬੱਸਾਂ ਰਾਹੀਂ ਜਾਣ ਵਾਲੀਆਂ ਸਵਾਰੀਆਂ ਵਿਚ ਦੇਖਣ ਨੂੰ ਮਿਲੀ। ਗਾਰਡਰ ਲੱਗੇ ਹੋਣ ਕਾਰਨ ਬੱਸਾਂ ਪੁਲ ਦੇ ਆਰ-ਪਾਰ ਨਾ ਜਾ ਸਕੀਆਂ ਜਿਸ ਕਾਰਨ ਖੰਨਾ ਤੇ ਨਵਾਂਸ਼ਹਿਰ ਤੋਂ ਆਉਣ ਵਾਲੀਆਂ ਬੱਸਾਂ ’ਚ ਸਵਾਰ ਲੋਕਾਂ ਨੂੰ ਪੁਲ ਤੋਂ ਪਹਿਲਾਂ ਉਤਾਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਜਾਂ ਤਾਂ ਡੇਢ ਕਿਲੋਮੀਟਰ ਦੀ ਦੂਰੀ ਤੈਅ ਕਰ ਛੋਟੇ-ਛੋਟੇ ਬੱਚਿਆਂ ਸਮੇਤ ਤਪਦੀ ਗਰਮੀ ਵਿਚ ਦੂਜੇ ਪਾਸੇ ਜਾਣਾ ਪੈਂਦਾ ਹੈ ਜਾਂ ਫਿਰ ਉੱਥੇ ਥ੍ਰੀ-ਵੀਲ੍ਹਰਾਂ ਰਾਹੀਂ ਕਿਰਾਇਆ ਦੇ ਕੇ ਪੁਲ ਪਾਰ ਕਰਨਾ ਪੈਂਦਾ ਹੈ। ਦੋਆਬੇ ਵਲੋਂ ਕੁਹਾੜਾ ਤੇ ਅਮਲੋਹ ਵਿਖੇ ਸਥਿਤ ਸ਼ੂਗਰ ਮਿੱਲਾਂ ਵਿਚ ਪਿੜਾਈ ਲਈ ਗੰਨਾ ਭਾਰੀ ਮਾਤਰਾ ਵਿਚ ਆਉਂਦਾ ਹੈ ਅਤੇ ਕਿਸਾਨ ਗੰਨਾ ਆਪਣੇ ਟ੍ਰੈਕਟਰ-ਟਰਾਲੀ ਵਿਚ ਲੱਦ ਕੇ ਇਸ ਪੁਲ ਤੋਂ ਹੀ ਗੁਜ਼ਰਦੇ ਹਨ ਪਰ ਹੁਣ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਹੋਣ ਕਾਰਨ ਉਨ੍ਹਾਂ ਨੂੰ ਵੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।

ਬੇਸ਼ੱਕ ਪੱਕੇ ਗਾਰਡਰ ਲਗਾਉਣ ਨਾਲ ਭਾਰੀ ਤੇ ਵੱਡੇ ਵਾਹਨਾਂ ਦੀ ਆਵਾਜਾਈ ਬੰਦ ਹੋ ਜਾਵੇਗੀ ਪਰ ਇਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਬਹੁਤ ਵਧ ਗਈਆਂ ਹਨ। ਇਹ ਪੁਲ ਬੰਦ ਹੋਣ ਨਾਲ ਖੰਨਾ ਤੋਂ ਲੈ ਕੇ ਨਵਾਂਸ਼ਹਿਰ ਰੋਡ ’ਤੇ ਸਥਿਤ ਢਾਬੇ, ਪੈਟਰੋਲ ਪੰਪ ਅਤੇ ਹੋਰ ਕਈ ਦੁਕਾਨਦਾਰਾਂ ਦਾ ਕਾਰੋਬਾਰ ਵੀ ਬਹੁਤ ਘੱਟ ਜਾਵੇਗਾ ਕਿਉਂਕਿ ਵਾਹਨਾਂ ਦੀ ਆਵਾਜਾਈ ਵੀ ਘਟ ਜਾਵੇਗੀ। ਲੋਕਾਂ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪੁਲ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪੁਲ ਦੀ ਮੁਰੰਮਤ ਕਰ ਜਲਦ ਸੁਚਾਰੂ ਢੰਗ ਨਾਲ ਆਵਾਜਾਈ ਲਈ ਖੋਲ੍ਹਿਆ ਜਾਵੇ।

ਐੱਸ.ਡੀ.ਓ. ਹਿਮਾਂਸ਼ੂ ਨਾਹਰ ਨੇ ਕਿਹਾ ਕਿ ਪੁਲ ਦੀ ਸਲੈਬ ਦਾ ਵਾਰ ਵਾਰ ਧਸਣਾ ਚਿੰਤਾ ਦਾ ਵਿਸ਼ਾ ਹੈ, ਜਿਸ ਸਬੰਧੀ ਤਕਨੀਕੀ ਮਾਹਿਰਾਂ ਤੋਂ ਰਾਇ ਲਈ ਜਾ ਰਹੀ ਹੈ ਕਿ ਇਸ ਦੀ ਮੁਰੰਮਤ ਕਿਵੇਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਪੁਲ ਦੀ ਮੁਰੰਮਤ ਸਬੰਧੀ ਫਾਈਲ ਬਣਾ ਕੇ ਸਰਕਾਰ ਤੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ ਅਤੇ ਜਦੋਂ ਕੋਈ ਹਦਾਇਤਾਂ ਆਉਣਗੀਆਂ ਉਸ ਤੋਂ ਬਾਅਦ ਹੀ ਮੁਰੰਮਤ ਦਾ ਕੰਮ ਸ਼ੁਰੂ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ