ਭਾਰਤੀ ਨੌਜਵਾਨ ਇੰਜੀਨੀਅਰ ਦੀ ਸਕਾਈਡਾਈਵਿੰਗ ਹਾਦਸੇ ਵਿਚ ਮੌਤ
ਸੈਕਰਾਮੈਂਟੋ,ਕੈਲੀਫੋਰਨੀਆ, 17 ਜੁਲਾਈ (ਹੁਸਨ ਲੜੋਆ ਬੰਗਾ) - ਹੈਦਰਾਬਾਦ ਦੇ ਇਕ 28 ਸਾਲਾ ਸਾਫਟਵੇਅਰ ਇੰਜੀਨੀਅਰ ਦੀ ਬੋਸਟਨ, ਮੈਸੇਚਿਉਸੇਟਸ ਵਿਚ ਇਕ ਸਕਾਈਡਾਈਵਿੰਗ ਹਾਦਸੇ ਵਿਚ ਮੌਤ ਹੋ ਗਈ। ਉਸ ਨੂੰ ਕੁਝ ਦਿਨ ਪਹਿਲਾਂ ਹੀ ਪੈਰਾਸ਼ੂਟਿੰਗ ਲਾਇਸੈਂਸ ਮਿਲਿਆ ਸੀ। ਮ੍ਰਿਤਕ, ਜਿਸ ਦੀ ਪਛਾਣ ਮਨੀ ਚੰਦਰ ਤੇਜਾ ਗੱਦਾਮ ਵਜੋਂ ਹੋਈ ਹੈ , ਬੋਸਟਨ ਵਿਚ ਫਿਡੇਲਿਟੀ ਇਨਵੈਸਟਮੈਂਟਸ ਵਿਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦਾ ਸੀ।ਇਹ ਹਾਦਸਾ ਸ਼ਾਮ 4 ਵਜੇ ਦੇ ਕਰੀਬ ਔਰੇਂਜ, ਮੈਸੇਚਿਉਸੇਟਸ ਵਿੱਚ ਜੰਪਟਾਊਨ ਸਕਾਈਡਾਈਵਿੰਗ ਵਿਖੇ ਵਾਪਰਿਆ। ਅਧਿਕਾਰੀਆਂ ਨੇ ਕਿਹਾ ਕਿ ਉਹ ਸੁਰੱਖਿਅਤ ਹੇਠਾਂ ਉਤਰ ਰਿਹਾ ਸੀ ਜਦੋਂ ਲੈਂਡਿੰਗ ਦੌਰਾਨ ਹਵਾ ਦੇ ਅਚਾਨਕ ਆਏ ਝੱਖੜ ਨੇ ਉਸ ਦੇ ਪੈਰਾਸ਼ੂਟ ਨੂੰ ਤਬਾਹ ਕਰ ਦਿੱਤਾ ਤੇ ਉਹ ਲਗਭਗ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਾ । ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਐਥੋਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰ ਨੇ ਕਿਹਾ ਹੈ ਕਿ ਉਸ ਦੇ ਅਚਾਨਕ ਦਿਹਾਂਤ ਨੇ ਉਨਾਂ ਨੂੰ ਭਾਵਨਾਤਮਕ ਅਤੇ ਵਿੱਤੀ ਤੌਰ ’ਤੇ ਤਬਾਹ ਕਰ ਦਿੱਤਾ ਹੈ । ਉਸ ਨੇ ਆਪਣਾ ਕਰੀਅਰ ਬਣਾਉਣ ਲਈ ਬਹੁਤ ਜਦੋਜਹਿਦ ਕੀਤੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ। ਇਕ ਬਿਆਨ ਵਿਚ, ਕੰਪਨੀ ਨੇ ਗੱਦਾਮ ਦੇ ਪਰਿਵਾਰ, ਦੋਸਤਾਂ ਅਤੇ ਅਜ਼ੀਜ਼ਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ।
;
;
;
;
;
;
;