ਮੀਰੀ ਪੀਰੀ ਖ਼ਾਲਸਾ ਮਾਰਚ ਵਹੀਰ ਦਾ ਹਲਕਾ ਅਟਾਰੀ ਅੰਦਰ 7 ਪੜਾਵਾਂ 'ਤੇ ਹੋਵੇਗਾ ਭਰਵਾਂ ਸਵਾਗਤ - ਜਥੇ: ਰਣੀਕੇ
ਅਟਾਰੀ ਸਰਹੱਦ (ਅੰਮ੍ਰਿਤਸਰ), 22 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਮੀਰੀ ਪੀਰੀ ਦੇ ਅਸਥਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖ਼ਾਲਸੇ ਦੀ ਚੜ੍ਹਦੀ ਕਲਾ ਅਤੇ ਸਿੱਖ ਪੰਥ ਦੇ ਇਕ ਜੁੱਟ ਹੋਣ ਲਈ 24 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕੀਤੇ ਜਾ ਰਹੇ ਮੀਰੀ ਪੀਰੀ ਖ਼ਾਲਸਾ ਵਹੀਰ ਮਾਰਚ ਦਾ ਹਲਕਾ ਅਟਾਰੀ ਅੰਦਰ ਦਾਖ਼ਲ ਹੋਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਸੰਬੰਧੀ ਅੱਜ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਜਥੇਦਾਰ ਮਗਵਿੰਦਰ ਸਿੰਘ ਖਾਪੜਖੇੜੀ, ਬਾਬਾ ਨਿਰਮਲ ਸਿੰਘ ਨੁਸ਼ਹਿਰਾ ਢਾਲਾ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਤੇ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵਲੋਂ ਵੀ ਹਲਕਾ ਅਟਾਰੀ ਦੀਆਂ ਸੰਗਤਾਂ ਨੂੰ ਖ਼ਾਲਸਾ ਵਹੀਰ ਦੇ ਸਵਾਗਤ ਅਤੇ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸੰਬੰਧੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਸਮੁੱਚੀ ਸਿੱਖ ਕੌਮ ਨੂੰ ਇਕ ਪਲੇਟਫਾਰਮ 'ਤੇ ਇਕੱਠਿਆਂ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਸੋਚ ਦੇ ਮੁਤਾਬਿਕ ਵਿਸ਼ੇਸ਼ ਉਪਰਾਲਾ ਕਰਦਿਆਂ ਮੀਰੀ ਪੀਰੀ ਦਿਵਸ 'ਤੇ ਖ਼ਾਲਸਾ ਵਹੀਰ ਮਾਰਚ ਕੱਢਣ ਦਾ ਫ਼ੈਸਲਾ ਲਿਆ ਗਿਆ ਹੈ, ਉਹ ਸ਼ਲਾਗਾਯੋਗ ਫ਼ੈਸਲਾ ਹੈ। ਹਲਕਾ ਅਟਾਰੀ ਦੇ ਵੱਖ ਵੱਖ ਪਿੰਡਾਂ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਰਣੀਕੇ ਨੇ ਕਿਹਾ ਕਿ 24 ਜੁਲਾਈ ਨੂੰ ਖ਼ਾਲਸਾ ਵਹੀਰ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ ਪਹਿਲੇ ਪੜਾਅ ਅਟਾਰੀ ਹਲਕੇ ਅੰਦਰ ਆਉਣ 'ਤੇ ਹਲਕਾ ਅਟਾਰੀ ਦੇ ਕਸਬਾ ਖਾਸਾ, ਅਟਾਰੀ, ਰਾਜਾਤਾਲ, ਲੱਧੇਵਾਲ, ਕੱਲੇਵਾਲ, ਭਕਨਾ, ਚੀਚਾ ਅਤੇ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਬਣਾਏ ਗਏ ਪੜਾਵਾਂ ਤੇ ਸੰਗਤਾਂ ਦੇ ਵਲੋਂ ਭਰਵੇਂ ਸਵਾਗਤ ਕੀਤੇ ਜਾਣਗੇ।
;
;
;
;
;
;
;
;
;