ਹੰਡੇਸਰਾ ਪੁਲਿਸ ਨੇ 12 ਕਿੱਲੋ ਨਸ਼ੀਲੇ ਗਾਂਜੇ ਸਮੇਤ ਉੱਤਰ ਪ੍ਰਦੇਸ਼ ਦਾ ਤਸਕਰ ਕੀਤਾ ਗ੍ਰਿਫ਼ਤਾਰ
ਡੇਰਾਬਸੀ/ ਲਾਲੜੂ 23 ਜੁਲਾਈ (ਰਣਬੀਰ ਸਿੰਘ ਪੜ੍ਹੀ / ਰਾਜਬੀਰ ਸਿੰਘ)- ਡੇਰਾਬੱਸੀ ਬਲਾਕ ਦੀ ਹੰਡੇਸਰਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਪੁਲਿਸ ਟੀਮ ਨੇ 12 ਕਿੱਲੋਗ੍ਰਾਮ ਨਸ਼ੀਲੇ ਗਾਂਜੇ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਹਰਿਕੇਸ਼ (35) ਵਾਸੀ ਪਿੰਡ ਨੋਤਨ ਹਰਦੋ, ਜ਼ਿਲ੍ਹਾ ਕੁਸ਼ੀਨਗਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਹੰਡੇਸਰਾ ਦੇ ਏ.ਐਸ.ਆਈ. ਹਰਗੋਬਿੰਦ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸੰਬੰਧ ਵਿਚ ਪਿੰਡ ਨਗਲਾ ਨੇੜੇ ਮੌਜੂਦ ਸੀ। ਇਸੇ ਦੌਰਾਨ ਇਕ ਵਿਅਕਤੀ ਮੋਢੇ 'ਤੇ ਬੈਗ ਟੰਗ ਕੇ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਸਾਹਮਣੇ ਪੁਲਿਸ ਟੀਮ ਨੂੰ ਵੇਖ ਕੇ ਘਬਰਾ ਗਿਆ ਅਤੇ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਕਰਮਚਾਰੀਆਂ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ।
ਸ਼ੱਕ ਦੇ ਆਧਾਰ 'ਤੇ ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 12 ਕਿੱਲੋਗ੍ਰਾਮ ਗਾਂਜਾ ਬਰਾਮਦ ਹੋਇਆ। ਪੁਲਿਸ ਨੇ ਨਸ਼ੀਲੇ ਪਦਾਰਥ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਾਅਦ ਵਿਚ ਪੁਲਿਸ ਟੀਮ ਵਲੋਂ ਮੁਲਜ਼ਮ ਨੂੰ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਸ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਅਨੁਸਾਰ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਨਸ਼ੇ ਦੀ ਇਸ ਸਪਲਾਈ ਚੇਨ ਨਾਲ ਜੁੜੇ ਹੋਰ ਤਸਕਰਾਂ ਦਾ ਵੀ ਪਤਾ ਲਗਾਇਆ ਜਾ ਸਕੇ।
;
;
;
;
;
;
;
;