ਮਹਿਲਾ ਰਾਖਵਾਂਕਰਨ ਅੱਜ ਹੋ ਸਕਦਾ ਹੈ ਪਰ ਸਰਕਾਰ ਅਜਿਹਾ ਨਹੀਂ ਚਾਹੁੰਦੀ- ਰਾਹੁਲ ਗਾਂਧੀ


ਨਵੀਂ ਦਿੱਲੀ, 22 ਸਤੰਬਰ- ਕਾਂਗਰਸ ਨੇਤਾ ਰਾਹੁਲ ਗਾਂਧੀ ਹੋਰ ਕਾਂਗਰਸੀ ਨੇਤਾਵਾਂ ਦੇ ਨਾਲ ਕਾਂਗਰਸ ਦੇ ਮੁੱਖ ਦਫ਼ਤਰ ਪਹੁੰਚੇ। ਇਸ ਮੌਕੇ ਮਹਿਲਾ ਰਾਖ਼ਵਾਂਕਰਨ ਬਿੱਲ ’ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਦਨ ’ਚ ਮਹਿਲਾ ਰਿਜ਼ਰਵੇਸ਼ਨ ਬਿੱਲ ਲਿਆਂਦਾ ਗਿਆ ਹੈ। ਬਿੱਲ ਦੋ ਗੱਲਾਂ ਨਾਲ ਸੰਬੰਧਿਤ ਪਾਇਆ ਗਿਆ, ਜਿਨ੍ਹਾਂ ਵਿਚੋਂ ਇਕ ਔਰਤਾਂ ਦੇ ਰਾਖਵੇਂਕਰਨ ਤੋਂ ਪਹਿਲਾਂ ਮਰਦਮਸ਼ੁਮਾਰੀ ਹੋਵੇਗੀ ਅਤੇ ਦੂਜੀ ਹੱਦਬੰਦੀ ਹੋਵੇਗੀ ਅਤੇ ਦੋਵਾਂ ਨੂੰ ਕਰਨ ਵਿਚ ਕਈ ਸਾਲ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਮਹਿਲਾ ਰਾਖਵਾਂਕਰਨ ਹੋ ਸਕਦਾ ਹੈ ਪਰ ਸਰਕਾਰ ਅਜਿਹਾ ਨਹੀਂ ਕਰਨਾ ਚਾਹੁੰਦੀ। ਸਚਾਈ ਇਹ ਹੈ ਕਿ ਇਹ ਅੱਜ ਤੋਂ 10 ਸਾਲ ਬਾਅਦ ਲਾਗੂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸੰਸਦ ਵਿਚ ਸਿਰਫ਼ ਇਕ ਸੰਸਥਾ ਦੀ ਗੱਲ ਕੀਤੀ, ਜੋ ਭਾਰਤ ਸਰਕਾਰ, ਕੈਬਨਿਟ ਸਕੱਤਰ ਅਤੇ ਬਾਕੀ ਸਾਰੇ ਸਕੱਤਰਾਂ ਨੂੰ ਚਲਾਉਂਦੀ ਹੈ, ਮੈਂ ਇਸ ਬਾਰੇ ਇਕ ਸਵਾਲ ਪੁੱਛਿਆ ਸੀ। ਜੇਕਰ ਪ੍ਰਧਾਨ ਮੰਤਰੀ ਇੰਨਾ ਕੰਮ ਕਰ ਰਹੇ ਹਨ ਤਾਂ 90 ਵਿਚੋਂ ਸਿਰਫ਼ 3 ਲੋਕ ਹੀ ਓ.ਬੀ.ਸੀ. ਭਾਈਚਾਰੇ ਦੇ ਕਿਉਂ ਹਨ। ਓ.ਬੀ.ਸੀ. ਅਫ਼ਸਰ ਭਾਰਤ ਦੇ ਬਜਟ ਦਾ 5% ਕੰਟਰੋਲ ਕਰਦੇ ਹਨ। ਪ੍ਰਧਾਨ ਮੰਤਰੀ ਹਰ ਰੋਜ਼ ਓ.ਬੀ.ਸੀ. ਦੀ ਗੱਲ ਕਰਦੇ ਹਨ ਪਰ ਉਨ੍ਹਾਂ ਨੇ ਓ.ਬੀ.ਸੀ. ਲਈ ਕੀ ਕੀਤਾ ਹੈ?