ਪੰਜਾਬ ਦਾ ਖ਼ਜ਼ਾਨਾ ਲੁੱਟ ਕੇ ਆਪ ਪਾਰਟੀ ਪੰਜਾਬ ਦੇ ਭਵਿੱਖ ਨਾਲ ਕਰ ਰਹੀ ਖਿਲਵਾੜ- ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ, 27 ਸਤੰਬਰ (ਦਵਿੰਦਰ ਸਿੰਘ)- ਪੰਜਾਬ ਦਾ ਪੈਸਾ ਜੋ ਬਾਹਰੀ ਸੂਬਿਆਂ ’ਚ ਪ੍ਰਚਾਰ ਲਈ ਮਾਨ ਸਰਕਾਰ ਵਲੋਂ ਖਰਚ ਕੀਤਾ ਜਾ ਰਿਹਾ ਹੈ, ਉਸ ਮੁੱਦੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਾਨ ਸਰਕਾਰ ਦੱਸੇ ਕਿ ਉਹ ਕਿਉਂ ਪੰਜਾਬ ਦੇ ਲੋਕਾਂ ਦਾ ਪੈਸਾ ਦਿੱਲੀ ਵਾਲਿਆਂ ਨੂੰ ਤੇ ਹੋਰ ਬਾਹਰੀ ਸੂਬਿਆਂ ’ਚ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ’ਤੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਉਹ ਬਾਹਰੀ ਰਾਜਾਂ ’ਚ ਜੋ ਵਿਸ਼ੇਸ਼ ਹੈਲੀਕਾਪਟਰ ਲੈ ਕੇ ਘੁੰਮਦੇ ਹਨ ਉਸ ’ਤੇ ਰੋਜ਼ਾਨਾ ਲੱਖਾਂ ਰੁਪਏ ਖ਼ਰਚ ਹੋ ਰਿਹਾ ਹੈ, ਉਸਦਾ ਹਿਸਾਬ ਕੋਣ ਦਵੇਗਾ? ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਪੰਜਾਬ ਨੂੰ ਹੋਰ ਵੀ ਜ਼ਿਆਦਾ ਕਰਜ਼ਈ ਕਰ ਦਿੱਤਾ ਹੈ। ਉਨ੍ਹਾਂ ਹੋਰ ਵੀ ਕਈ ਮਾਮਲਿਆਂ ’ਤੇ ਸੂਬੇ ਦੀ ਆਪ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਨੂੰ ਅਤੇ ਪਾਵਰਕਾਮ ਨੂੰ ਗਹਿਣੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਥਰਮਲ ਪਲਾਂਟਾ ਦੇ ਹੋਏ ਸਮਝੌਤੇ ਅਜੇ ਤੱਕ ਰੱਦ ਨਹੀਂ ਕੀਤੇ ਗਏ। ਉਨ੍ਹਾਂ ਸਰਕਾਰ ਤੋਂ ਵਰਤੇ ਜਾ ਰਹੇ ਹੈਲੀਕਾਪਟਰ ਦੇ ਖਰਚੇ ਦਾ ਵੇਰਵਾ ਵੀ ਮੰਗਿਆ ਹੈ।