ਅੰਮ੍ਰਿਤਪਾਲ ਸਿੰਘ ਨੂੰ ਨਾ ਮਿਲਣ ਦੇਣ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਧਾ ਹੱਥ-ਐਡਵੋਕੇਟ ਖ਼ਾਲਸਾ

ਬਰਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)- ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਨਾਲ ਨਾ ਮਿਲਣ ਦੇਣ ’ਤੇ ਪ੍ਰਸਿੱਧ ਵਕੀਲ ਅਤੇ ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਵਿਚ ਭਗਵੰਤ ਮਾਨ ਦਾ ਸਿੱਧਾ ਹੱਥ ਹੈ ਅਤੇ ਉਹ ਇਸ ਸਮੇਂ ‘ਔਰੰਗਜ਼ੇਬ’ ਬਣ ਗਿਆ ਹੈ ਤੇ ਜ਼ਿਆਦਤੀਆਂ ਕਰ ਰਿਹਾ ਹੈ। ਐਡਵੋਕੇਟ ਖ਼ਾਲਸਾ ਨੇ ਇਹ ਵੀ ਕਿਹਾ ਕਿ ਉਹ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਪੀਲ ਪਾ ਰਹੇ ਹਨ ਕਿ ਜਿੱਥੇ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਵੇ, ਉਥੇ ਉਨ੍ਹਾਂ ਦੀ ਡਿਬਰੂਗੜ੍ਹ ਆਉਣ-ਜਾਣ ਸਮੇਂ ਹੋਈ ਖੱਜਲ ਖੁਆਰੀ ਅਤੇ ਖ਼ਰਚੇ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਮੁਆਵਜ਼ਾ ਦਿਵਾਇਆ ਜਾਵੇ।