ਕਿਸੇ ਵੀ ਗੁਰਦੁਆਰੇ ’ਚ ਦਾਖ਼ਲ ਹੋਣ ’ਤੇ ਕੋਈ ਪਾਬੰਦੀ ਨਹੀਂ- ਗੁਰਚਰਨ ਸਿੰਘ ਗਰੇਵਾਲ

ਪਟਿਆਲਾ, 30 ਸਤੰਬਰ- ਇੰਗਲੈਂਡ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਕਥਿਤ ਤੌਰ ’ਤੇ ਸਕਾਟਲੈਂਡ ਦੇ ਗੁਰਦੁਆਰੇ ਵਿਚ ਦਾਖ਼ਲ ਹੋਣ ਤੋਂ ਰੋਕੇ ਜਾਣ ’ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇੰਗਲੈਂਡ ਦੇ ਲੋਕ ਜੱਗੀ ਜੌਹਲ ਦੀ ਗ਼ੈਰਕਾਨੂੰਨੀ ਗ੍ਰਿਫ਼ਤਾਰੀ ਤੋਂ ਨਾਰਾਜ਼ ਹਨ ਅਤੇ ਇਹ ਹੀ ਕਾਰਨ ਹੈ ਕਿ ਇਹ ਸਭ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਦੂਤਾਵਾਸ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਨਾ ਕੀਤਾ ਜਾਵੇ, ਜੇਕਰ ਕਿਸੇ ਗੁਰਦੁਆਰੇ ’ਚ ਕਿਸੇ ਰਾਜਦੂਤ ਨਾਲ ਅਜਿਹਾ ਕੁਝ ਹੁੰਦਾ ਹੈ, ਤਾਂ ਇਸ ਨਾਲ ਸਿੱਖਾਂ ਦੀ ਸਾਖ ’ਤੇ ਅਸਰ ਪੈਂਦਾ ਹੈ। ਇਸ ਤੋਂ ਪਹਿਲਾਂ ਕਿਸੇ ਰਾਜਦੂਤ ਦੀ ਕੁੱਟਮਾਰ ਹੋਈ ਸੀ, ਅਸੀਂ ਇਸ ਦਾ ਸਮਰਥਨ ਨਹੀਂ ਕਰਦੇ। ਸਿੱਖਾਂ ਦੀ ਸਾਖ ਪੂਰੀ ਦੁਨੀਆ ’ਚ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਗੁਰਦੁਆਰੇ ’ਚ ਦਾਖ਼ਲ ਹੋਣ ’ਤੇ ਕੋਈ ਪਾਬੰਦੀ ਨਹੀਂ ਹੈ ਪਰ ਪਤਾ ਨਹੀਂ ਉਨ੍ਹਾਂ ਦੇ ਕਾਰਨ ਕੀ ਸਨ। ਉਨ੍ਹਾਂ ਕਿਹਾ ਕਿ ਵਿਕਰਮ ਦੋਰਾਇਸਵਾਮੀ ਦੇ ਦੌਰੇ ਕਾਰਨ ਪੈਦਾ ਹੋਏ ਕਿਸੇ ਵੀ ਤਣਾਅ ਤੋਂ ਬਚਣ ਲਈ ਉਨ੍ਹਾਂ ਨੇ ਉਸ ਨੂੰ ਰੋਕਿਆ ਹੋਣਾ ਹੈ।