ਸਾਬਕਾ ਵਿਧਾਇਕ ਵਾਹਦ, ਉਸ ਦੀ ਪਤਨੀ ਤੇ ਪੁੱਤਰ ਨੂੰ 1 ਅਕਤੂਬਰ ਨੂੰ ਕੀਤਾ ਜਾਵੇਗਾ ਅਦਾਲਤ ਵਿਚ ਪੇਸ਼- ਵਿਜੀਲੈਂਸ ਅਧਿਕਾਰੀ

ਫਗਵਾੜਾ, 30 ਸਤੰਬਰ (ਹਰਜੋਤ ਸਿੰਘ ਚਾਨਾ)- ਇਥੋਂ ਦੀ ਸ਼ੂਗਰ ਮਿੱਲ ਦੇ ਸਾਬਕਾ ਡਾਇਰੈਕਟਰਾਂ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਰਕਾਰ ਨੂੰ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਜ਼ਮੀਨ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ’ਚ ਅੱਜ ਵਿਜੀਲੈਂਸ ਵਿਭਾਗ ਪੰਜਾਬ ਨੇ ਵੱਡੀ ਕਾਰਵਾਈ ਕਰਦਿਆਂ ਸੀਨੀਅਰ ਅਕਾਲੀ ਆਗੂ ਤੇ ਵਾਹਦ ਸੰਧਰ ਸ਼ੂਗਰ ਮਿੱਲ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਤੇ ਪੁੱਤਰ ਨੂੰ ਅੱਜ ਸਵੇਰੇ ਘਰ ਤੋਂ ਛਾਪੇਮਾਰੀ ਕਰਕੇੇ ਐਸ.ਐਸ.ਪੀ. ਵਿਜੀਲੈਂਸ ਰਾਜੇਸ਼ਵਰ ਸਿੰਘ ਸਿੱਧੂ ਦੀ ਅਗਵਾਈ ’ਚ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਸੰਬੰਧ ’ਚ ਇਨ੍ਹਾਂ ਖ਼ਿਲਾਫ਼ ਧਾਰਾ 166, 177, 210, 406, 409, 418, 420, 120-ਬੀ ਆਈ.ਪੀ.ਸੀ ਤੇ 7 ਪੀ.ਸੀ.ਐਕਟ 1988 ਤਹਿਤ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੰਦੀਪ ਵਾਹਦ ਜੋ ਆਪਣੇ ਪਰਿਵਾਰ ਸਮੇਤ ਵਿਦੇਸ਼ ’ਚ ਸ਼ਿਫ਼ਟ ਹੋ ਗਿਆ ਸੀ ਤੇ ਕੁੱਝ ਸਮਾਂ ਪਹਿਲਾ ਹੀ ਇੰਗਲੈਂਡ ਤੋਂ ਭਾਰਤ ਵਾਪਸ ਆਇਆ ਸੀ ਤੇ ਇਨ੍ਹਾਂ ਨੇ ਬਹੁਤ ਸਾਰਾ ਪੈਸਾ ਵਿਦੇਸ਼ ’ਚ ਟਰਾਂਸਫ਼ਰ ਕੀਤਾ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ 1 ਅਕਤੂਬਰ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।