ਬੱਸੀ ਪਠਾਣਾਂ 'ਚ ਝੁੱਗੀ ਬਸਤੀ ਹੋਈ ਸੜ ਕੇ ਸੁਆਹ
ਬੱਸੀ ਪਠਾਣਾਂ, 2 ਅਕਤੂਬਰ (ਰਵਿੰਦਰ ਮੌਦਗਿਲ)- ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਬੱਸੀ ਪਠਾਣਾਂ ਬਾਈਪਾਸ 'ਤੇ ਸਥਿਤ ਝੁੱਗੀ ਬਸਤੀ ਅਚਾਨਕ ਫੈਲੀ ਅੱਗ ਨਾਲ ਸੜ ਕੇ ਸੁਆਹ ਹੋਣ ਦੀ ਸੂਚਨਾ ਹੈ। ਇਸ ਦੁਖਦਾਈ ਘਟਨਾ ਵਿਚ 100 ਵਿਚੋਂ ਲਗਭਗ 95 ਪਰਿਵਾਰਾਂ ਦੇ ਸਿਰ ਦੀ ਛੱਤ ਭਿਆਨਕ ਅੱਗ ਦੀ ਭੇਟ ਚੜ੍ਹ ਗਈ ਦੱਸੀ ਜਾ ਰਹੀ ਹੈ। ਐੱਸ.ਐੱਚ.ਓ. ਹਰਵਿੰਦਰ ਸਿੰਘ ਮੁਤਾਬਿਕ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਥਾਨਕ ਲੋਕਾਂ ਵਲੋਂ ਮੌਕੇ 'ਤੇ ਕੀਤੀ ਮਦਦ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਝੁੱਗੀ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਸਾਮਾਨ ਸੜ ਗਿਆ ਹੈ। ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਪੀੜਤਾਂ ਨਾਲ ਹਮਦਰਦੀ ਜਤਾਈ ਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਮੰਗ ਕੀਤੀ ਹੈ।